Sanjha Morcha

ਦੇਸ਼ ਲਈ ਸ਼ਹੀਦੀਆਂ ਦੇਣ ’ਚ ਪੰਜਾਬੀ ਰਹੇ ਮੋਹਰੀ: ਸ਼ੇਰਗਿੱਲ

ਖੇਤਰੀ ਪ੍ਰਤੀਨਿੱਧ
ਲੁਧਿਆਣਾ, 16 ਦਸੰਬਰ

ਸ਼ਹੀਦ ਨਿਰਮਲਜੀਤ ਸਿੰਘ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਟ ਕਰਦੇ ਲੈਫਟੀਨੈਂਟ ਜਨਰਲ ਸ਼ੇਰਗਿੱਲ। -ਫੋਟੋ: ਬਸਰਾ

 

 

 

 

 

ਸਾਨੂੰ ਪੰਜਾਬੀ ਹੋਣ ’ਤੇ ਮਾਨ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਲਈ ਲੜੀਆਂ ਗਈਆਂ ਲੜਾਈਆਂ  ਅਤੇ ਸ਼ਹੀਦੀਆਂ ਦੇਣ ਵਿੱਚ ਸਭ ਤੋਂ ਵਧੇਰੇ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ।’ ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀਐੱਸ ਸ਼ੇਰਗਿੱਲ ਨੇ ਅੱਜ ਜਲੰਧਰ ਬਾਈਪਾਸ ਨੇੜੇ ਸਥਿਤ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ’ਚ ਵਿਜੈ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਕੀਤਾ। ਇਹ ਦਿਵਸ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦਾਂ ਦੀ ਯਾਦ ਅਤੇ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਫਲਾਈਂਗ ਅਫ਼ਸਰ ਸ਼ਹੀਦ ਨਿਰਮਲਜੀਤ ਸਿੰਘ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਇਸ ਤੋਂ ਬਾਅਦ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਲਈ ਕਈ ਲੜਾਈਆਂ ਲੜੀਆਂ ਗਈਆਂ, ਜੋ ਭਾਰਤੀ ਜਵਾਨਾਂ ਦੀ ਵੀਰਤਾ ਦਾ ਸਬੂਤ ਹਨ। ਇਨ੍ਹਾਂ ਲੜਾਈਆਂ ਵਿੱਚ ਲੜਨ ਵਾਲੇ ਜ਼ਿਆਦਾਤਰ ਪੰਜਾਬੀ ਸਨ। ਇੱਥੇ ਹੀ ਬੱਸ ਨਹੀਂ ਸਗੋਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਅਤੇ ਸਜ਼ਾਵਾਂ ਕੱਟਣ ਵਾਲੇ ਵੀ ਜ਼ਿਆਦਾਤਰ ਪੰਜਾਬੀ ਸਨ। ਉਨ੍ਹਾਂ ਕਿਹਾ ਕਿ ਸਾਲ 1971 ਦੀ ਲੜਾਈ ਦੇ ਸਿੱਟੇ ਵਜੋਂ ਹੀ ਬੰਗਲਾਦੇਸ਼ ਦਾ ਜਨਮ ਹੋਇਆ ਅਤੇ ਕਿਸੇ ਵੇਲੇ ਪੂਰਬੀ ਪਾਕਿਸਤਾਨ ਵਜੋਂ ਜਾਣੇ ਜਾਂਦੇ ਖਿੱਤੇ ਵਿੱਚ ਸ਼ਾਂਤੀ ਦੀ ਬਹਾਲੀ ਹੋਈ ਸੀ। ਉਨ੍ਹਾਂ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਾਗੂ ਲੋਕ ਹਿੱਤ ਅਤੇ ਭਲਾਈ ਸਕੀਮਾਂ/ਯੋਜਨਾਵਾਂ ਲੋੜਵੰਦ ਵਿਅਕਤੀਆਂ ਕੋਲ ਪੁੱਜਣ ਤੱਕ ਪੂਰੀ ਨਜ਼ਰ ਰੱਖਣ ਲਈ ਹੀ ‘ਗਾਰਡੀਅਨਜ਼ ਆਫ਼ ਗਵਰਨੈਂਸ’ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਪੂਰੇ ਪੰਜਾਬ ਵਿੱਚ ਵਲੰਟੀਅਰ (ਜ਼ਿਆਦਾਤਰ ਸਾਬਕਾ ਫੌਜੀ) ਭਰਤੀ ਕੀਤੇ ਜਾ ਰਹੇ ਹਨ, ਜੋ ਲੋਕ ਹਿੱਤ ਯੋਜਨਾਵਾਂ ਦੀ ਜ਼ਮੀਨੀ ਹਕੀਕਤ ਬਾਰੇ ਸਮੇਂ-ਸਮੇਂ ’ਤੇ ਸਰਕਾਰ ਨੂੰ ਰਿਪੋਰਟ ਭੇਜਿਆ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੀ ਓਵਰਆਲ ਰੈਂਕਿੰਗ 19ਵੇਂ ਸਥਾਨ ’ਤੇ ਚਲੀ ਗਈ ਸੀ, ਜਿਸ ਨੂੰ ਮੁੜ ਤੋਂ ਪਹਿਲੇ ਸਥਾਨ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਮਾਗਮ ਨੂੰ ਪੈਸਕੋ ਦੇ ਸੀਐੱਮਡੀ ਮੇਜਰ ਜਨਰਲ ਐੱਸਪੀਐੱਸ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੰਗੀ ਵਿਧਵਾਵਾਂ ਨੂੰ ਸਨਮਾਨਿਆ ਗਿਆ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਅਮਰਿੰਦਰ ਸਿੰਘ ਮੱਲ੍ਹੀ ਸਹਾਇਕ ਕਮਿਸ਼ਨਰ (ਜ), ਕਰਨਲ ਐੱਚਐੱਸ ਕਾਹਲੋਂ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਜਸਵੀਰ ਸਿੰਘ ਬੋਪਾਰਾਏ ਅਤੇ ਹਰਪ੍ਰੀਤ ਸਿੰਘ ਸੰਧੂ ਹੋਰ ਹਾਜ਼ਰ ਸਨ।

VIJAY DIVAS COMMEMORATION IN LUDHIANA. Wreath laying  at Flt Lt Nirmaljit Singh Sekhon  PVC statue and a get together of about 600 ESM and 200  school students at War Museum. Interesting fact narrated by Lt Gen T S Shergill that all the Div Commanders in LIBERATION of Bangladesh were from Punjab.  4 Inf Div Maj Gen  M S Brar, 9 Inf Div Maj Gen Dalbir  Singh,  20 Mtn Div Maj Gen  Lachman Singh Lehl, GOC 101 Comn Zone Maj Gen Gurbux Singh Gill and later Maj Gen Gandharv Nagra. All under Lt Gen JS Aurora.