ਅਕਬਰ ਦੇ ਕੈਦ ਕੀਤੇ ਫਰੀਦ ਖਾਂ ਨੂੰ ਮਿਲਣ ਲਈ ਦੁੱਲੇ ਨੂੰ ਉਂਗਲ ਲਾਈੰ ਪਿੰਡੋਂ ਤੁਰੀ ਲੱਧੀ (ਦੁਲੇ ਦੀ ਮਾਂ) ਨੇ ਲਹੌਰ ਦੇ ਨੇੜੇ ਪੜਾਅ ਕੀਤਾ… ਰੋਟੀ ਖਾਣ ਲੱਗੇ ਛੋਹਰ ਉਮਰ ਦੇ ਦੁੱਲੇ ਨੇੜੇ ਇੱਕ ਕੁੜੀ ਆ ਬੈਠੀ ਜਿਹੜੀ ਆਪਣੇ ਬਾਬੇ ਬਾਪੂਆਂ ਨੂੰ ਜਮਾਂਦਾਰ ਦੱਸੇ… ਦੁੱਲੇ ਨੇ ਆਪਣੀਆਂ ਦੋ ਰੋਟੀਆਂ ‘ਚੋ ਬਚਦੀ ਇੱਕ ਰੋਟੀ ਕੁੜੀ ਦੇ ਹੱਥ ਤੇ ਰੱਖ ਦਿੱਤੀ…ਮਾਂ ਲੱਧੀ ਨੇ ਦੁੱਲੇ ਦੇ ਖਾਲੀ ਹੱਥਾਂ ਵੱਲ ਵੇਂਹਦਿਆਂ ਰੋਟੀ ਬਾਰੇ ਪੁੱਛਿਆ ਤਾਂ ਦੁੱਲੇ ਨੇ ਕੁੜੀ ਵੱਲ ਹੱਥ ਕਰ ਕੇ ਆਖਿਆ “ਇੱਕ ਇਹਨੂੰ ਲੋੜੀ ਸੀ”
ਅੱਜ ਦੀ ਭਾਸ਼ਾ ‘ਚ ਕਹੀਏ ਤਾਂ ਇਹ ਕਹਿ ਹੋਊ ਕਿ ਇੱਕ ਇਹਨੂੰ ਲੋੜੀਂਦੀ ਸੀ..
“ਇਹ ਕੁੜੀ ਕਿੱਥੋ ਆਈ ਐ” ਲੱਧੀ ਨੇ ਕੁੜੀ ਦੇ ਮੂੰਹ ਵੱਲ ਵੇਖਿਆ
“ਇਹ ਕੁੜੀ ਅੱਜ ਤੋ ਮੇਰੀ ਭੈਣ ਹੋਈ” ਨਿਧੜਕ ਦੁੱਲੇ ਨੇ ਸਾਰਿਆਂ ਦੇ ਸਾਹਮਣੇ ਕੁੜੀ ਨੂੰ ਭੈਣ ਮੰਨ ਲਿਆ।
ਵਾਹਵਾ ਪੁਰਾਣੀਆਂ ਕਥਾ ਕਹਾਣੀਆਂ ਪੜੋ ਤਾ ਕਹਿੰਦੇ ਕਿ ਸਭ ਤੋਂ ਪਹਿਲਾਂ ਲੋਹੜੀ ਓਸ ਤਬਕੇ ਨੇ ਮਨਾਈ ਜਿਹਨਾ ਦੀ ਕੁੜੀ ਨੂੰ ਦੁੱਲੇ ਨੇ ਭੈਣ ਮੰਨਿਆ.. ਜਿਵੇਂ ਉਸ ਕੁੜੀ ਨੇ ਰੋਟੀ ਮੰਗੀ ਤੇ ਦੁੱਲੇ ਦੇ ਜਵਾਬ “ਇਹਨੂੰ ਲੋੜੀ ਸੀ” ਤੋ ਨਿੱਕਲੇ ਵਾਕ ਤੋਂ ਲੋੜੀਂ ਦਾ ਹੋਕਾ ਦੇ ਕੇ ਮੰਗਣ ਤੋ ਇਹ ਤਿਉਹਾਰ ਤੁਰਿਆ। ਪਰ ਇਸ ਵੇਲ਼ੇ ਇਹ ਤਿਹਾਰ ਸਿਰਫ ਇਸੇ ਤਬਕੇ ਦਾ ਰਿਹਾ।
ਐਥੇ ਇੱਕ ਹੋਰ ਗੱਲ ਦੱਸਣਯੋਗ ਐ ਕਿ ਜਿਵੇਂ ਕਿਸੇ ਨੂੰ ਮਾਂ ਬਾਪ ਥਾਪੜਾ ਦੇ ਕੇ ਦੁੱਲਾ ਪੁੱਤ ਆਖਦੇ ਆ.. ਇਹ ਦੁੱਲਾ ਇੱਕ ਮੈਡਲ ਵਾਂਗ ਸੀ ਜਿਹੜਾ ਇਸ ਤਿਉਹਾਰ ਦੇ ਨਾਲ ਈ ਇਸੇ ਤਬਕੇ ਵੱਲੋ ਮੰਨਿਆ ਗਿਆ… ਘੋਲ ਛਿੰਝਾਂ ਹੁੰਦੀਆਂ.. ਇਸ ਤਬਕੇ ਦਾ ਜਿਹੜਾ ਭਲਵਾਨ ਕਿਸੇ ਵੱਡੇ ਰਈਸ ਦੇ ਪਹਿਲਵਾਨ ਨੂੰ ਢਾਹ ਲੈੰਦਾ ਓਹਨੂੰ ਦੁੱਲੇ ਪਹਿਲਵਾਨ ਦਾ ਖਿਤਾਬ ਮਿਲ਼ਦਾ.. ਇਵੇ ਦੁੱਲਾ ਤਕੜੇ ਹੋਣ ਦਾ ਚਿੰਨ੍ਹ ਵੀ ਬਣਿਆ..
ਸੁੰਦਰ ਮੁੰਦਰੀਏ ਦੀ ਕਹਾਣੀ ਇਸ ਤੋ ਅੱਗੇ ਦੀ ਐ..ਜਵਾਨ ਹੋਏ ਦੁੱਲੇ ਨੂੰ ਕਸੂਰ ਦੇ ਮੀਰ ਨੇ ਵਾਸਤਾ ਪਾਇਆ ਸੀ.. ਪਹਿਲਿਆਂ ਜਮਾਨਿਆਂ ‘ਚ ਰਾਤਾਂ ਦੇ ਗਾਓਣ ਲਗਦੇ, ਓਹਨਾ ਨੂੰ ਜਲਸੇ ਵੀ ਕਿਹਾ ਜਾਂਦਾ.. ਕਸੂਰ ਦੇ ਮਰਾਸੀਆਂ ਨੇ ਕਿਤੇ ਜਲਸਾ ਲਾਇਆ ਜਿਹਦੀ ਆਗਿਆ ਨਾ ਲਈ.. ਕੋਤਵਾਲ ਜਲਸੇ ਦਾ ਟੈਕਸ ਨਾ ਭਰਨ ਦੇ ਜੁਰਮ ‘ਚ ਮਿਰਾਸੀਆਂ ਦੀਆਂ ਕੁੜੀਆਂ ਸੁੰਦਰਾਂ ਤੇ ਮੁੰਦਰਾਂ ਨੂੰ ਕੋਤਵਾਲੀ ਲੈ ਆਇਆ… ਕੁੜੀਆਂ ਦੇ ਪਰਿਵਾਰਾਂ ਨੇ ਦੁੱਲੇ ਕੋਲ ਵਾਸਤਾ ਜਾ ਪਾਇਆ ਜਿਹੜਾ ਦੋਵਾਂ ਨੂੰ ਛੁਡਾ ਕਿ ਉਹਨਾ ਦੇ ਪਰਿਵਾਰਾਂ ਕੋਲ ਛੱਡ ਕੇ ਆਇਆ… ਐਦੋਂ ਬਾਅਦ ਸੁੰਦਰ ਮੁੰਦਰੀਏ ਦਾ ਗਾਓਣ ਜਲਸਿਆਂ ‘ਚੋਂ ਹੁੰਦਾ ਪੂਰੇ ਪੰਜਾਬ ‘ਚ ਧੁੰਮ ਗਿਆ…
ਇਹ ਤਿਉਹਾਰ ਕਿਸੇ ਧਰਮ ਜਾਂ ਤਬਕੇ ਦਾ ਨਾ ਰਿਹਾ… ਸੂਰਮੇ ਦੁੱਲੇ ਦੇ ਨਾ ਨਾਲ ਜੁੜੇ ਤਿਉਹਾਰ ਨੂੰ ਪੰਜਾਬ ਨੇ ਗਲਵੱਕੜੀ ਪਾਉਣ ਵਾਂਗ ਆਪਣੇ ਨਾਲ ਲਾਇਆ…ਜੰਮੇ ਮੁੰਡਿਆਂ ਦੀ ਪਹਿਲੀ ਲੋਹੜੀ ਵੰਡਣ ਦੀ ਮਿੱਥ ਵੀ ਐਹੀ ਐ ਕਿ ਜੰਮਿਆ ਪੁੱਤ ਦੁੱਲੇ ਵਰਗਾ ਹੋਵੇ।
ਮੁਬਾਰਕਾਂ ਸਭ ਨੂੰ ਲੋਹੜੀ ਦੀਆਂ..।