Sanjha Morcha

ਸਾਬਕਾ ਫੌਜੀਆਂ ਨੇ ਵਾਰ ਮੈਮੋਰੀਅਲ ਵਿੱਚ ਮਨਾਇਆ ਵਿਜੇ ਦਿਵਸ

ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਅਤੇ ਫੌਜ ਦੇ ਅਧਿਕਾਰੀ। -ਫੋਟੋ: ਪੰਜਾਬੀ ਟ੍ਰਿਬਿਊਨ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਦਸੰਬਰ
1971 ਦੀ ਜੰਗ ਵਿੱਚ ਭਾਰਤੀ ਫੌਜ ਦੀ ਪਾਕਿਸਤਾਨੀ ਫੌਜ ’ਤੇ ਵੱਡੀ ਜਿੱਤ ਨੂੰ ਯਾਦ ਕਰਦਿਆਂ ਪੰਜਾਬ ਸਟੇਟ ਵਾਰ ਹੀਰੋ ਮੈਮੋਰੀਅਲ ਵਿੱਚ ਅੱਜ ਜੰਗ ਵਿੱਚ ਹਿੱਸਾ ਲੈਣ ਵਾਲੇ ਜਵਾਨਾਂ ਤੇ ਅਧਿਕਾਰੀਆਂ ਨਾਲ ਮਿਲ ਕੇ ਸਾਬਕਾ ਫੌਜੀਆਂ ਨੇ ਵਿਜੇ ਦਿਵਸ ਮਨਾਇਆ। ਇਸ ਮੌਕੇ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿੱਚ ਅਮਰ ਜਵਾਨ ਜੋਤੀ ’ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾ ਭੇਟ ਕੀਤੀ ਗਈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਅਜਿਹੀਆਂ ਜਿੱਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹਨ। ਇਹ ਮਾਣ ਵਾਲੀ ਗੱਲ ਹੈ ਕਿ ਜੰਗੀ ਫੌਜੀਆਂ ਦੀ ਯਾਦ ਵਿੱਚ ਵਿਸ਼ੇਸ਼ ਤੌਰ ’ਤੇ ਬਣਾਏ ਗਏ ਵਾਰ ਹੀਰੋਜ਼ ਮੈਮੋਰੀਅਲ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਫੌਜ ਨੂੰ ਆਪਣੇ ਕਰੀਅਰ ਵਜੋਂ ਅਪਨਾਉਣ।
ਇਸ ਮੌਕੇ ਮਾਤਾ ਜਗੀਰ ਕੌਰ, ਮੇਜਰ ਜਨਰਲ ਡੀ. ਡੀ. ਸਿੰਘ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਬ੍ਰਿਗੇਡੀਅਰ ਕੇ.ਐਸ. ਵਿਰਕ, ਬ੍ਰਿਗੇਡੀਅਰ ਪੀ.ਐਸ. ਢਿੱਲੋਂ, ਕਰਨਲ ਜੀ. ਐਸ. ਗਿੱਲ, ਕਰਨਲ ਏਬੀਐਸ ਚਾਹਲ, ਕਰਨਲ ਜੇ. ਐਸ. ਸੰਧੂ, ਕਰਨਲ ਐਚ. ਐਸ. ਗਰੋਵਰ, ਕਰਨਲ ਐਸ. ਐਸ. ਢਿੱਲੋਂ, ਮੇਜਰ ਵਿਰਕ, ਕਰਨਲ ਹਰਿੰਦਰਪਾਲ ਸਿੰਘ, ਡਾਕਟਰ ਬਲਵਿੰਦਰ ਸਿੰਘ, ਮੈਮੋਰੀਅਲ ਦੇ ਇੰਚਾਰਜ ਕਰਨਲ ਐਸਪੀ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਕੇ ਵਿਜੈ ਦਿਵਸ ਮਨਾਇਆ। ਇਸ ਮੌਕੇ ਪੰਜਾਬ ਰੈਜਮੈਂਟ ਦੇ ਬੈਂਡ ਨੇ ਸਮਾਗਮ ਦੀ ਰੌਣਕ ਵਿੱਚ ਵਾਧਾ ਕੀਤਾ।
ਜਲੰਧਰ (ਨਿੱਜੀ ਪੰਤਰ ਪ੍ਰੇਰਕ): ਵਜਰਾ ਕੋਰ ਨੇ ਜਲੰਧਰ ਛਾਉਣੀ ’ਚ ਅੱਜ ਵਿਜੇ ਦਿਵਸ ਮਨਾਇਆ। ਇਸ ਮੌਕੇ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ ਜਨਰਲ ਆਫੀਸਰ ਕਮਾਂਡਿੰਗ ਵਜਰਾ ਕੋਰ ਨੇ ਸ਼ਹੀਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਫੌਜ ਦੇ ਜਵਾਨ ਤੇ ਸਾਬਕਾ ਫੌਜੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਵਜਰਾ ਕੋਰ ਦੇ ਬਹਾਦਰ ਜਵਾਨਾਂ ਨੇ ਸਾਲ 1971 ਦਪ ਜੰਗ ਵਿੱਚ ਪਾਕਿਸਤਾਨੀ ਫੌਜੀਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਇਸ ਲਈ ਵਜਰਾ ਕੋਰ ਦੇ ਬਹਾਦਰ ਫੌਜੀਆਂ ਨੂੰ 8 ਮਹਾਂਵੀਰ ਚੱਕਰ, 47 ਵੀਰ ਚੱਕਰ ਅਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।
ਇਸ ਮੌਕੇ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ ਨੇ ਜਲੰਧਰ ਅਤੇ ਇਸ ਦੇ ਆਲੇ ਦੁਆਲੇ ਇਲਾਕਿਆਂ ਦੇ ਸਾਬਕਾ ਫੌਜੀਆਂ ਲਈ ‘ਵੁਈ ਕੇਅਰ’ ਨਾਂ ਦੀ ਹੰਗਾਮੀ ਸਹਾਇਤਾ ਲਈ ਹੈਲਪ ਨੰਬਰ 1904 ਜਾਰੀ ਕੀਤਾ। ਇਸ ਹੈਲਪਲਾਈਨ ਨਾਲ ਸਾਬਕਾ ਫੌਜੀਆਂ ਨੂੰ ਮੁਸ਼ਕਲ ਹਾਲਾਤਾਂ ਵਿਚ ਵੀ ਤੁਰੰਤ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਸੀਨੀਅਰ ਬਜ਼ੁਰਗ ਤੇ ਲੈਫਟੀਨੈਂਟ ਜਨਰਲ ਐਸ.ਐਸ. ਸਾਂਗਰਾ ਨੇ ਇਸ ਕੰਮ ਲਈ ਵਜਰਾ ਕੋਰ ਦੀ ਪ੍ਰਸੰਸਾ ਕੀਤੀ ਅਤੇ ਪਹਿਲੀ ਕਾਲ ਕਰਕੇ ਸਹੂਲਤ ਨੂੰ ਆਰੰਭ ਕੀਤਾ।