Sanjha Morcha

ਸ਼ਹੀਦ ਲਾਂਸ ਨਾਇਕ ਗੁਰਮੇਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਪੱਤਰ ਪ੍ਰੇਰਕ
ਜੈਂਤੀਪੁਰ, 1 ਜਨਵਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਸ਼ੇਰਗਿੱਲ ਅਤੇ ਡੀਸੀ ਕਮਲਦੀਪ ਸਿੰਘ ਸਾਂਘਾ ਸ਼ਹੀਦ ਗੁਰਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਚੈੱਕ ਸੌਂਪਦੇ ਹੋਏ।-ਫੋਟੋ: ਪੰਜਾਬੀ ਟ੍ਰਿਬਿਊਨ
ਭਾਰਤੀ ਫ਼ੌਜ ਦੇ 2-ਸਿੱਖ ਰੈਜੀਮੈਂਟ ਦੇ ਲਾਂਸ ਨਾਇਕ ਗੁਰਮੇਲ ਸਿੰਘ, ਜੋ ਬੀਤੀ 23 ਦਸੰਬਰ  ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਸਰਹੱਦ ’ਤੇ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ, ਨਮਿਤ ਸ਼ਰਧਾਂਜਲੀ ਸਮਾਗਮ ਹਲਕਾ ਮਜੀਠਾ ਦੇ ਪਿੰਡ ਅਲਕੜੇ ਦੇ ਗੁਰਦੁਆਰੇ ਵਿੱਚ ਹੋਇਆ। ਇਸ ਮੌਕੇ ਅਖੰਡ ਪਾਠ  ਦੇ ਭੋਗ ਪਾਉਣ ਮਗਰੋਂ ਗਿਆਨੀ ਮਾਨ ਸਿੰਘ ਤੇ ਹਜ਼ੂਰੀ ਰਾਗੀ ਭਾਈ ਅਨੰਦ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਾਇਆ। ਇਸ ਮਗਰੋਂ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬ੍ਰਿਗੇਡੀਅਰ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਨੇ ਸ਼ਹੀਦ ਗੁਰਮੇਲ ਸਿੰਘ ਸ਼ਰਧਾਂਜਲੀ ਭੇਟ ਕਰਦਿਆਂ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੋਗਾਵਾਂ ਨੇ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਇਲਾਵਾ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਪੰਜਾਬ ਕਾਂਗਰਸ ਦੇ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਡਾ. ਦਲਬੀਰ ਸਿੰਘ ਵੇਰਕਾ, ਰਾਜਮਹਿੰਦਰ ਸਿੰਘ ਮਜੀਠਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਐੱਮਪੀ ਔਜਲਾ ਦੇ ਮਾਤਾ ਬੀਬੀ ਜਗੀਰ ਕੌਰ ਔਜਲਾ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਗੁਰਮੇਲ ਸਿੰਘ ਨਾਲ ਲਗਾਤਾਰ 14 ਸਾਲ ਡਿਊਟੀ ਕਰਨ ਵਾਲੇ ਸੂਬੇਦਾਰ ਕੁਲਵਿੰਦਰ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰਮੇਲ ਸਿੰਘ ਦਲੇਰ ਆਗੂ ਸੈਨਿਕ ਸੀ।
ਇਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਬ੍ਰਿਗੇਡੀਅਰ ਕਰਨਲ ਚਾਹਲ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਮਿਲਣ ਵਾਲੀ ਸਹਾਇਤਾ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਪਰਿਵਾਰ ਨੂੰ ਸਰਕਾਰੀ ਸਹਾਇਤਾ ਮਿਲਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਧਾ ਸਮੇਤ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸ਼ਹੀਦ ਜਗਸੀਰ ਸਿੰਘ ਦਾ ਸਸਕਾਰ ਟਲਿਆ
ਫ਼ਿਰੋਜ਼ਪੁਰ(ਨਿੱਜੀ ਪੱਤਰ ਪ੍ਰੇਰਕ): ਜੰਮੂ ਦੇ ਰਾਜੌਰੀ ਇਲਾਕੇ ਵਿੱਚ ਸ਼ਹੀਦ ਹੋਏ ਫ਼ੌਜੀ ਜਗਸੀਰ ਸਿੰਘ ਦਾ ਸਸਕਾਰ ਉਸ ਦੀ ਭੈਣ ਦੇ ਵਿਦੇਸ਼ੋਂ ਦੇਰੀ ਨਾਲ ਇੱਥੇ ਪਹੁੰਚਣ ਕਾਰਨ ਮੰਗਲਵਾਰ ਤੱਕ ਟਾਲ ਦਿੱਤਾ ਗਿਆ ਹੈ। ਹਾਲਾਂਕਿ ਸ਼ਹੀਦ ਦੀ ਲਾਸ਼ ਅੱਜ ਫ਼ਿਰੋਜ਼ਪੁਰ ਪੁੱਜ ਗਈ ਸੀ ਅਤੇ ਸਸਕਾਰ ਦਾ ਸਮਾਂ ਮੰਗਲਵਾਰ ਸਵੇਰੇ 10 ਵਜੇ ਰੱਖਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਦੀ ਤਿਆਰੀ ਮੁਕੰਮਲ ਕਰ ਲਈ ਗਈ ਸੀ, ਪਰ ਪਰਿਵਾਰ ਨਾਲ ਸਹਿਮਤੀ ਨਾ ਬਣਨ ਕਾਰਨ ਸਸਕਾਰ ਮੰਗਲਵਾਰ ਤੱਕ ਮੁਲਤਵੀ ਕਰਨਾ ਪਿਆ।  ਡਿਪਟੀ ਕਮਿਸ਼ਨਰ ਰਾਮਵੀਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਸਿੱਧੂ ਸਮੇਤ ਫ਼ੌਜ ਅਤੇ ਕਈ ਸਿਵਲ ਅਧਿਕਾਰੀਆਂ ਨੇ ਅੱਜ ਮ੍ਰਿਤਕ ਜਗਸੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।