Sanjha Morcha

ਸ਼ਹੀਦ ਠਾਕੁਰ ਫਤਿਹ ਸਿੰਘ ਤੇ ਕੁਲਵੰਤ ਸਿੰਘ ਦਾ ਅੰਤਿਮ ਸੰਸਕਾਰ

2016_1image_01_49_4382942334-ll 2016_1image_01_47_5092171522-ll 2016_1image_01_49_1902390411-ll 2016_1image_01_49_2862494393-ll

ਗੁਰਦਾਸਪੁਰ  (ਵਿਨੋਦ, ਦੀਪਕ) – ਪਠਾਨਕੋਟ ‘ਚ ਏਅਰਫੋਰਸ ਬੇਸ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਕੈਪਟਨ ਠਾਕੁਰ ਫਤਿਹ ਸਿੰਘ ਅਤੇ ਹੌਲਦਾਰ ਕੁਲਵੰਤ ਸਿੰਘ ਦੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਝੰਡਾ ਗੁੱਜਰਾਂ ਅਤੇ ਚੱਕ ਸ਼ਰੀਫ ‘ਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤੇ ਗਏ।  ਇਸ ਮੌਕੇ ਕੁਲਵੰਤ ਸਿੰਘ ਦਾ ਵੱਡਾ ਪੁੱਤਰ ਸੁਰਿੰਦਰ ਆਪਣੇ ਪਿਤਾ ਦੇ ਗਲ ਲੱਗ ਕੇ ਕਹਿ ਰਿਹਾ ਸੀ ਕਿ ਹੁਣ ਉਸ ਨੂੰ ਫੌਜੀ ਅਫਸਰ ਕੌਣ ਬਣਾਵੇਗਾ। ਠਾਕੁਰ ਫਤਿਹ ਸਿੰਘ ਦੀ ਧੀ ਮਧੂ ਠਾਕੁਰ ਨੇ ਆਪਣੇ ਪਿਤਾ ਦੀ ਤਿਰੰਗੇ ‘ਚ ਲਪੇਟੀ ਹੋਈ ਮ੍ਰਿਤਕ ਦੇਹ ਨੂੰ ਫੌਜੀ ਜਵਾਨਾਂ ਦੇ ਬਰਾਬਰ ਮੋਢਾ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਕਾਇਰ ਅੱਤਵਾਦੀਆਂ ਨੇ ਪਿੱਠ ‘ਚ ਗੋਲੀ ਮਾਰੀ ਸੀ। ਉਹ ਕਾਇਰ ਅੱਤਵਾਦੀ ਉਸ ਦੇ ਪਿਤਾ ਦਾ ਸਿੱਧਾ ਮੁਕਾਬਲਾ ਨਹੀਂ ਕਰ ਸਕੇ।
ਭਾਰਤੀ ਫੌਜ ਵੱਲੋਂ ਤਿੱਬੜੀ ਕੈਂਟ ਤੋਂ 3 ਸਿੱਖ ਰੈਜ਼ੀਮੈਂਟ ਅਤੇ ਸਿੱਖ ਲਾਈ ਰੈਜ਼ੀਮੈਂਟ ਦੇ ਜਵਾਨਾਂ ਨੇ ਸ਼ਹੀਦਾਂ ਨੂੰ ਹਥਿਆਰਾਂ ਨਾਲ ਸਲਾਮੀ ਦਿੱਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਜਥੇ. ਸੇਵਾ ਸਿੰਘ ਸੇਖਵਾਂ, ਫਤਿਹਜੰਗ ਸਿੰਘ ਬਾਜਵਾ ਅਤੇ ਮਾਸਟਰ ਮੋਹਨ ਲਾਲ ਤੋਂ ਇਲਾਵਾ ‘ਪੱਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਕੰਵਲਪ੍ਰੀਤ ਸਿੰਘ ਕਾਕੀ ਨੇ ਸਾਥੀਆਂ ਸਮੇਤ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ‘ਪੱਗੜੀ ਸੰਭਾਲ ਜੱਟਾ’ ਲਹਿਰ ਵੱਲੋਂ 50-50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।