Sanjha Morcha

ਫੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ, ਸ਼ੁਰੂ ਹੋਈ ਭਰਤੀ

2016_1image_17_39_230797925army_recruitment_rally_14-ll

ਪਟਿਆਲਾ (ਬਲਜਿੰਦਰ)— ਭਾਰਤੀ ਫੌਜ ਵਿਚ ਨੌਜਵਾਨਾਂ ਦੀ ਭਰਤੀ ਲਈ ਚੋਣ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਪਟਿਆਲਾ-ਸੰਗਰੂਰ ਸੜਕ ‘ਤੇ ਫੌਜ ਦੇ ਮੈਦਾਨ ‘ਚ ਆਰੰਭ ਹੋਈ ਇਹ ਭਰਤੀ ਪ੍ਰਕਿਰਿਆ 14 ਜਨਵਰੀ ਤੱਕ ਜਾਰੀ ਰਹੇਗੀ। ਪਹਿਲੇ ਦਿਨ ਬਰਨਾਲਾ ਜ਼ਿਲੇ ਦੇ ਕਰੀਬ 3800 ਨੌਜਵਾਨਾਂ ਨੇ ਸਰੀਰਕ ਪ੍ਰੀਖਿਆ, ਮੈਡੀਕਲ ਪ੍ਰੀਖਿਆ ‘ਚ ਹਿੱਸਾ ਲਿਆ ਅਤੇ ਬਾਅਦ ‘ਚ ਮੌਕੇ ‘ਤੇ ਹੀ ਫੌਜ ਦੇ ਅਧਿਕਾਰੀਆਂ ਵੱਲੋਂ ਨੌਜਵਾਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਫੌਜ ਦੇ ਭਰਤੀ ਡਾਇਰੈਕਟਰ ਕਰਨਲ ਵਿਸ਼ਵ ਭਾਰਗਵ ਨੇ ਦੱਸਿਆ ਕਿ ਭਰਤੀ ਰੈਲੀ ਵਿਚ ਹਿੱਸਾ ਲੈਣ ਲਈ ਸੂਬੇ ਦੇ ਪੰਜ ਜ਼ਿਲਿਆਂ ਦੇ ਕਰੀਬ 30 ਹਜ਼ਾਰ ਨੌਜਵਾਨਾਂ ਵੱਲੋਂ ਆਨਲਾਈਨ ਪ੍ਰਣਾਲੀ ਰਾਹੀਂ ਬਿਨੈ ਪੱਤਰ ਦਿੱਤੇ ਗਏ ਸਨ, ਜਿਸਦੇ ਆਧਾਰ ‘ਤੇ ਸੋਮਵਾਰ ਤੋਂ 11 ਜਨਵਰੀ ਤਕ ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਮਾਨਸਾ ਜ਼ਿਲਿਆਂ ਦੇ ਉਮੀਦਵਾਰਾਂ ਦੀ ਸਕਰੀਨਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਕਰਨਲ ਵਿਸ਼ਵ ਭਾਰਗਵ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਦੌਰਾਨ ਦੌੜ ਵਿਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਦਾ ਡੋਪਿੰਗ ਟੈਸਟ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਇਓਮੀਟਿਰਕ ਪ੍ਰਣਾਲੀ ਰਾਹੀਂ ਨੌਜਵਾਨਾਂ ਦੀਆਂ ਉਂਗਲਾਂ ਅਤੇ ਅੱਖਾਂ ਦੀ ਸਕੈਨਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਉਮੀਦਵਾਰ ਵੱਲੋਂ ਹੇਰਾਫੇਰੀ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ। ਪੰਜ ਜਨਵਰੀ ਨੂੰ ਪਟਿਆਲਾ ਜ਼ਿਲ੍ਹੇ ਦੀਆਂ ਸਮਾਣਾ, ਪਾਤੜਾਂ, ਨਾਭਾ ਅਤੇ ਰਾਜਪੁਰਾ ਤਹਿਸੀਲਾਂ ਦੇ ਉਮੀਦਵਾਰਾਂ ਵੱਲੋਂ ਭਰਤੀ ਰੈਲੀ ‘ਚ ਹਿੱਸਾ ਲਿਆ ਜਾਵੇਗਾ।