Sanjha Morcha

ਦਹਿਸ਼ਤੀ ਹਮਲੇ ਵਿੱਚ 8 ਜਵਾਨ ਸ਼ਹੀਦ Posted On June – 25 – 2016

ਸ੍ਰੀਨਗਰ, 25 ਜੂਨ

ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ’ਤੇ ਦਹਿਸ਼ਤੀ ਹਮਲੇ ਤੋਂ ਬਾਅਦ ਸੀਆਰਪੀਐਫ ਦੀ ਬੱਸ ਦੀ ਜਾਂਚ ਕਰਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ

ਵਾਦੀ ’ਚ ਪਿਛਲੇ ਤਿੰਨ ਸਾਲਾਂ ਦੌਰਾਨ ਸੁਰੱਖਿਆ ਬਲਾਂ ’ਤੇ ਹੋਏ ਬੇਹੱਦ ਘਾਤਕ ਦਹਿਸ਼ਤੀ ਹਮਲੇ ’ਚ ਸੀਆਰਪੀਐਫ ਦੇ ਅੱਠ ਜਵਾਨ ਸ਼ਹੀਦ ਹੋ ਗਏ। ਹਮਲੇ ’ਚ 21 ਹੋਰ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਜ ਦਹਿਸ਼ਤਗਰਦਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਹਮਲਾ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਤੋਂ 14 ਕਿਲੋਮੀਟਰ ਦੂਰ ਪੰਪੋਰ ਦੇ ਫਰੇਸਟਬਲ ’ਚ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਦਹਿਸ਼ਤਗਰਦਾਂ ਨੇ ਸੀਆਰਪੀਐਫ ਦੀ 161 ਬਟਾਲੀਅਨ ਦੇ ਜਵਾਨਾਂ ਨੂੰ ਫਾਇਰਿੰਗ ਪ੍ਰੈਕਟਿਸ ਤੋਂ ਲੈ ਕੇ ਆ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ। ਸੀਆਰਪੀਐਫ ਦੇ ਸੜਕ ਖੋਲ੍ਹਣ ਵਾਲੇ ਦਲ (ਆਰਓਪੀ) ਨੇ ਜਵਾਬੀ ਕਾਰਵਾਈ ਕੀਤੀ ਅਤੇ ਗਹਿਗੱਚ ਮੁਕਾਬਲੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਕੁਝ ਹਲਕਿਆਂ ਮੁਤਾਬਕ ਹਮਲੇ ’ਚ ਦੋ ਹੋਰ ਦਹਿਸ਼ਤਗਰਦ ਸ਼ਾਮਲ ਸਨ ਪਰ ਇਸ ਦੀ ਸਰਕਾਰੀ ਪੱਧਰ ’ਤੇ ਤਸਦੀਕ ਨਹੀਂ ਹੋ ਸਕੀ। ਇਲਾਕੇ ਨੂੰ ਤੁਰੰਤ ਸੀਲ ਕਰ ਕੇ ਸੁਨੇਹੇ ਦੇ ਦਿੱਤੇ ਗਏ ਕਿ ਕਾਰ ਸਵਾਰ ਦੋ ਦਹਿਸ਼ਤਗਰਦਾਂ ਦੇ ਸ੍ਰੀਨਗਰ ਵੱਲ ਆਉਣ ਦੀ ਸੰਭਾਵਨਾ ਹੈ। ਜ਼ਖ਼ਮੀ ਹੋਏ ਸੀਆਰਪੀਐਫ ਦੇ ਜਵਾਨਾਂ ਨੂੰ ਤੁਰੰਤ ਫ਼ੌਜ ਦੇ ਬੇਸ ਹਸਪਤਾਲ ’ਚ ਪਹੁੰਚਾਇਆ ਗਿਆ ਜਿਥੇ ਪੰਜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ’ਚ ਦਾਖ਼ਲ 21 ਜਵਾਨਾਂ ’ਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਬੱਸ ਦੀ ਪਿਛਲੀ ਸੀਟ ’ਤੇ ਤਿੰਨ ਹੋਰ ਜਵਾਨਾਂ ਦੀਆਂ ਦੇਹਾਂ ਮਿਲੀਆਂ। ਇੰਜ ਜਾਪਦਾ ਹੈ ਕਿ ਦਹਿਸ਼ਤਗਰਦਾਂ ਨੇ ਹਮਲੇ ਵਾਲੀ ਥਾਂ ਦੀ ਚੋਣ ਸੋਚ ਸਮਝ ਕੇ ਕੀਤੀ ਕਿਉਂਕਿ ਸੜਕ ’ਤੇ ਤਿੱਖਾ ਮੋੜ ਹੋਣ ਕਰ ਕੇ ਹਰ ਵਾਹਨ ਨੂੰ ਆਪਣੀ ਰਫ਼ਤਾਰ ਘੱਟ ਕਰਨੀ ਪੈਂਦੀ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਹਮਲੇ ਲਈ ਦਹਿਸ਼ਤਗਰਦਾਂ ਨੇ ਪਹਿਲਾਂ ਥਾਂ ਦੀ ਰੇਕੀ ਕੀਤੀ ਹੋਏਗੀ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸੁਰੱਖਿਆ ਬਲਾਂ ’ਤੇ ਇਹ ਤੀਜਾ ਹਮਲਾ ਹੈ। 24 ਜੂਨ 2013 ਨੂੰ ਹੈਦਰਪੋਰਾ ’ਚ ਸੁਰੱਖਿਆ ਬਲਾਂ ’ਤੇ ਘਾਤਕ ਹਮਲਾ ਹੋਇਆ ਸੀ ਜਦੋਂ 9 ਫ਼ੌਜੀ ਜਵਾਨ ਹਲਾਕ ਹੋ ਗਏ ਸਨ। ਸੀਆਰਪੀਐਫ ਦੇ ਇੰਸਪੈਕਟਰ ਜਨਰਲ ਨਲਿਨ ਪ੍ਰਭਾਤ ਮੌਕੇ ’ਤੇ ਪੁੱਜੇ ਅਤੇ ਉਹ ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਸ਼ਕਰ ਦੇ ਦੋ ਸ਼ੱਕੀ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਇਹ ਪਾਕਿਸਤਾਨੀ ਜਾਪਦੇ ਹਨ। ਮੁੱਢਲੇ ਤੌਰ ’ਤੇ ਇਹ ਫਿਦਾਇਨ ਹਮਲਾ ਲੱਗ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੀਜੀਪੀ ਕੇ ਰਾਜਿੰਦਰ ਨੇ ਮੌਕੇ ਦਾ ਜਾਇਜ਼ਾ ਲੈ ਕੇ ਕਿਹਾ ਕਿ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ ਹੈ ਪਰ ਬਦਕਿਸਮਤੀ ਨਾਲ ਸਾਡੇ ਕਈ ਜਵਾਨਾਂ ਦੀ ਵੀ ਜਾਨ ਗਈ ਹੈ। ਮਾਰੇ ਗਏ ਦਹਿਸ਼ਤਗਰਦਾਂ ਦੇ ਸਰਹੱਦ ਪਾਰ ਤੋਂ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਇਹ ਦਹਿਸ਼ਤਗਰਦ ਪਾਕਿਸਤਾਨ ਤੋਂ ਆਏ ਸਨ। ਸੀਆਰਪੀਐਫ ਦੇ ਡਾਇਰੈਕਟਰ ਜਨਰਲ ਦੁਰਗਾ ਪ੍ਰਸਾਦ ਐਤਵਾਰ ਨੂੰ ਮੁਕਾਬਲੇ ਵਾਲੀ ਥਾਂ ਦਾ ਦੌਰਾ ਕਰਨਗੇ। ਉਧਰ ਦਿੱਲੀ ’ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਮਲੇ ’ਤੇ ਦੁਖ ਜ਼ਾਹਰ ਕਰਦਿਆਂ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਬਾਰਾਮੂਲਾ ਜ਼ਿਲ੍ਹੇ ਦੇ ਊੜੀ ਸੈਕਟਰ ’ਚ ਅੱਜ ਸ਼ਾਮ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ। ਪੁਲੀਸ ਅਧਿਕਾਰੀ ਮੁਤਾਬਕ ਲੱਛੀਪੋਰਾ ਇਲਾਕੇ ’ਚ ਦਹਿਸ਼ਤਗਰਦਾਂ ਦੀ ਸੂਹ ਮਿਲਣ ਤੋਂ ਬਾਅਦ ਪੁਲੀਸ ਅਤੇ ਫ਼ੌਜ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਸੀ। ਦਹਿਸ਼ਤਗਰਦਾਂ ਵੱਲੋਂ ਗੋਲੀਆਂ ਚਲਾਉਣ ਕਰ ਕੇ ਸੁਰੱਖਿਆ ਬਲਾਂ ਨੇ ਜਵਾਬ ਦਿੱਤਾ ਅਤੇ ਦੋ ਦਹਿਸ਼ਤਗਰਦ ਮਾਰੇ ਗਏ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਹਮਲੇ ’ਚ ਅੱਠ ਜਵਾਨਾਂ ਦੇ ਹਲਾਕ ਹੋਣ ’ਤੇ ਦੁਖ ਪ੍ਰਗਟਾਇਆ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ।     -ਪੀਟੀਆਈ

clip

clip