Sanjha Morcha

ਸਾਬਕਾ ਫੌਜੀਆਂ ਨੇ ਰੋਸ ਵਜੋਂ ਪ੍ਰਸ਼ਾਸਨ ਨੂੰ ਮੋਡ਼ੇ ਤਗ਼ਮੇ

ਪੀ.ਪੀ. ਵਰਮਾ
ਪੰਚਕੂਲਾ, 10 ਨਵੰਬਰ
ਜ਼ਿਲ੍ਹਾ ਪੰਚਕੂਲਾ ਤੇ ਟਰਾਈਸਿਟੀ ਨਾਲ ਸਬੰਧਤ ਵੱਡੇ ਗਿਣਤੀ ਸਾਬਕਾ ਫੌਜੀਆਂ ਨੇ ‘ਇਕ ਰੈਂਕ ਇਕ ਪੈਨਸ਼ਨ’ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅੱਜ ਇੱਥੇ ਪੰਚਕੂਲਾ ਪ੍ਰਸ਼ਾਸਨ ਨੂੰ ਆਪਣੇ ਤਗ਼ਮੇ ਵਾਪਸ ਕੀਤੇ। ਸਾਬਕਾ ਫੌਜੀਆਂ ਨੇ ਇਕ ਘੰਟੇ ਤੱਕ ਡੀਸੀ ਦਫ਼ਤਰ ਪੰਚਕੂਲਾ ਦੇ ਬਾਹਰ ਆਪਣਾ ਵਿਰੋਧ ਜਤਾਉਂਦੇ ਹੋਏ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਨਾਲ ਜੁੜੇ ਵੱਡੇ ਗਿਣਤੀ ਫੌਜੀਆਂ ਨੇ ਕੇਂਦਰ ਸਰਕਾਰ ਵਿਰੁੱਧ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ। ਇਨ੍ਹਾਂ ਸਾਰਿਆਂ ਨੇ ਬ੍ਰਿਗੇਡਅਰ (ਸੇਵਾਮੁਕਤ) ਕਿਰਨ ਕ੍ਰਿਸ਼ਨ ਤੇ ਲੈਫਟੀਨੈਂਟ ਕਰਨਲ (ਸੇਵਾਮੁਕਤ) ਐਸ.ਐਸ. ਕਾਲੀਆ ਦੀ ਅਗਵਾਈ ਹੇਠ ਪੰਚਕੂਲਾ ਦੇ ਡੀਸੀ ਵਿਵੇਕ ਅੱਤਰੇ ਨੂੰ ਮੰਗ ਪੱਤਰ ਸੌਂਪਣਾ ਸੀ ਪਰ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਆਮਦ ਕਾਰਨ ਡਿਪਟੀ ਕਮਿਸ਼ਨਰ ਮੰਗ ਪੱਤਰ ਲੈਣ ਨਹੀਂ ਆ ਸਕੇ। ਏਡੀਸੀ ਪੰਚਕੂਲਾ ਹੇਮਾ ਸ਼ਰਮਾ ਨੇ ਸਾਬਕਾ ਫੌਜੀਆਂ ਤੋਂ ਮੰਗ ਪੱਤਰ ਤੇ ਤਗ਼ਮੇ ਹਾਸਲ ਕੀਤੇ। ਸਾਬਕਾ ਫੌਜੀਆਂ ਨੇ ਮੰਗ ਕੀਤੀ ਕਿ ਇਹ ਤਗ਼ਮੇ ਦੇਸ਼ ਦੇ ਰਾਸ਼ਟਰਪਤੀ ਕੋਲ ਪਹੁੰਚਾਏ ਜਾਣ। ਸਾਬਕਾ ਫੌਜੀਆਂ ਨੇ ਕਿਹਾ ਕਿ ਇਹ ਤਗ਼ਮ ੳੁਨ੍ਹਾਂ ਨੇ ਜਾਨ ਦੀ ਬਾਜ਼ੀ ਲਾ ਕੇ ਹਾਸਲ ਕੀਤੇ ਹਨ ਤੇ ਇਹ ਉਨ੍ਹਾਂ ਦਾ ਇਜ਼ੱਤ-ਮਾਣ ਹੈ ਜੋ ਕਿ ਕੇਂਦਰ ਸਰਕਰ ਦੇ ਫੈਸਲੇ ਖ਼ਿਲਾਫ਼ ਵਾਪਸ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਬਕਾ ਫੌਜੀਆਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਹੈ ਜਦੋਂਕਿ ਭੁੱਖ ਹੜਤਾਲ ’ਤੇ ਬੈਠੇ ਸਾਬਕਾ ਫੌਜੀਆਂ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਸਰਕਾਰ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕਰ ਸਕੀ।
ਅੱਜ ਵੱਡੀ ਗਿਣਤੀ ਸਾਬਕਾ ਫੌਜੀ ਸਵੇਰੇ ਸੈਕਟਰ-2 ਦੇ ਸ਼ਹੀਦ ਮੇਜਰ ਸੰਦੀਪ ਸ਼ਾਂਖਲਾ ਯਾਦਗਾਰੀ ਚੌਕ ’ਤੇ ਇਕੱਠੇ ਹੋਏ ਤੇ ਫਿਰ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਪਹੁੰਚੇ। ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਕੇ.ਐਸ. ਕਾਹਲੋਂ, ਕਰਨਲ (ਸੇਵਾਮੁਕਤ) ਬੀ.ਐਸ. ਉੱਪਲ, ਬ੍ਰਿਗੇਡੀਅਰ (ਸੇਵਾਮੁਕਤ) ਰਾਜਵੰਤ ਸਿੰਘ ਗਰੇਵਾਲ, ਕਰਨਲ (ਸੇਵਾਮੁਕਤ) ਆਈ.ਬੀ.ਐਸ. ਕੰਗ ਤੇ ਹੌਲਦਾਰ (ਸੇਵਾਮੁਕਤ) ਪਰਮਿੰਦਰ ਕਪੂਰ ਤੋਂ ਇਲਾਵਾ ਮੌਕੇ ’ਤੇ ਹਾਜ਼ਰ ਵੱਡੇ ਗਿਣਤੀ ਫੌਜੀਆਂ ਨੇ ਦੱਸਿਆ ਕਿ ਸਰਕਾਰ ਫੌਜੀਆਂ ਨੂੰ ਨਿਰਾਸ਼ ਕਰ ਰਹੀ ਹੈ। ‘ਇਕ ਰੈਂਕ ਇਕ ਪੈਨਸ਼ਨ’ ਦੇਣ ਦੇ ਝੂਠੇ ਲਾਰੇ ਲਾ ਕੇ ਸਰਕਾਰ ਫੌਜੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਵਾਅਦੇ ਤੋਂ ਮੁਕਰ ਰਹੀ ਹੈ। ਇਸ ਨਾਲ ਫੌਜ ਵਿੱਚ ਕੰਮ ਕਰ ਰਹੇ ਫੌਜੀਆਂ ਦਾ ਮਨੋਬਲ ਵੀ ਡਿੱਗ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਪ੍ਰਦਰਸ਼ਨ ਕਰ ਰਹੇ ਸਾਰੇ ਫੌਜੀਆਂ ਨੇ ਏਡੀਸੀ ਹੇਮਾ ਸ਼ਰਮਾ ਨੇ ਆਪਣੇ ਤਗ਼ਮੇ ਜਮ੍ਹਾਂ ਕਰਵਾ ਦਿੱਤੇ ਹਨ ਕਿਉਂਕਿ ਕੇਂਦਰ ਸਰਕਾਰ ਨੇ ੲਿਕ ਰੈਂਕ ਵਨ ਪੈਨਸ਼ਨ ਦਾ ਵਾਅਦਾ ਠੀਕ ਢੰਗ ਨਾਲ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਇਕ ਰੈਂਕ ਇਕ ਪੈਨਸ਼ਨ’ ਦੀ ਨੋਟੀਫਿਕੇਸ਼ਨ ਤੋਂ ਉਹ ਨਾਖੁਸ਼ ਹਨ ਤੇ ਭਵਿੱਖ ਵਿੱਚ ਵੀ ਉਹ ਆਪਣਾ ਵਿਰੋਧ ਜਾਰੀ ਰੱਖਣਗੇ।

62380

27707