ਗੁਰਦਾਸਪੁਰ (ਵਿਨੋਦ, ਦੀਪਕ) : ਇੱਥੋਂ ਦੇ ਪਿੰਡ ਬਾਹੀਆਂ ‘ਚ ਬੀਤੀ ਸ਼ਾਮ ਗੰਨੇ ਦੇ ਖੇਤਾਂ ‘ਚ ਇਕ ਪਰਵਾਸੀ ਮਜ਼ਦੂਰ ਵਲੋਂ 5 ਅੱਤਵਾਦੀਆਂ ਨੂੰ ਦੇਖਣ ਦੀ ਗੱਲ ਕਰਨ ‘ਤੇ ਜ਼ਿਲਾ ਪੁਲਸ ਅਤੇ ਸੁਰੱਖਿਆ ਬਲਾਂ ਨੇ ਫਿਰ ਤੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਖਬਰ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਪਾਈ ਜਾ ਰਹੀ ਹੈ।
ਇੰਸਪੈਕਟਰ ਜਨਰਲ ਪੁਲਸ ਬਾਰਡਰ ਰੇਂਜ ਲੋਕਾਨਥ ਆਂਗਰਾ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਹਰ ਗੱਲ ਨੂੰ ਸੱਚ ਮੰਨ ਕੇ ਕੰਮ ਕਰ ਰਹੇ ਹਾਂ ਅਤੇ ਅੱਤਵਾਦੀਆਂ ਨੂੰ ਫੜ੍ਹਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਮੂਲ ਰੂਪ ‘ਚ ਪਟਨਾ ਦੇ ਰਹਿਣ ਵਾਲੇ ਪਰਵਾਸੀ ਮਜ਼ਦੂਰ ਵਰਿੰਦਰ ਨੇ ਦੱਸਿਆ ਕਿ ਪਿੰਡ ਬਾਹੀਆਂ ‘ਚ ਉਹ ਇਕ ਕਿਸਾਨ ਕੋਲ ਕੰਮ ਕਰਦਾ ਹੈ ਅਤੇ ਜਦੋਂ ਬੀਤੀ ਸ਼ਾਮ ਉਹ ਆਪਣੇ ਆਪਣੇ ਸਾਥੀਆਂ ਨਾਲ ਖੇਤਾਂ ‘ਚ ਕੰਮ ‘ਤੇ ਲੱਗਾ ਹੋਇਆ ਸੀ ਤਾਂ ਉਸ ਨੇ ਖੇਤ ‘ਚ 5 ਅੱਤਵਾਦੀਆਂ ਨੂੰ ਦੇਖਿਆ।
ਇਨਾਂ ‘ਚੋਂ ਇਕ ਹਥਿਆਰਬੰਦ ਅੱਤਵਾਦੀਆਂ ਉਸ ਦੇ ਕੋਲ ਆਇਆ ਅਤੇ ਪਿੰਡ ਦਾ ਨਾਂ ਪੁੱਛਿਆ। ਉਸ ਵਲੋਂ ਨਾਂ ਦੱਸਣ ‘ਤੇ ਅੱਤਵਾਦੀਆਂ ਨੇ ਉਸ ਨੂੰ ਦੌੜ ਜਾਣ ਲਈ ਕਿਹਾ। ਵਰਿੰਦਰ ਮੁਤਾਬਕ ਹੋਰ ਅੱਤਵਾਦੀ ਕੁਝ ਦੂਰੀ ‘ਤੇ ਖੜ੍ਹੇ ਸਨ। ਇਸ ਸੰਬੰਧੀ ਸਾਰੀ ਜਾਣਕਾਰੀ ਉਸ ਨੇ ਆਪਣੇ ਮਾਲਕ ਨੂੰ ਦਿੱਤੀ ਅਤੇ ਬਾਅਦ ‘ਚ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਸੁਰੱਖਿਆ ਬਲਾਂ ਨਾਲ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਪਿੰਡ ਬਾਹੀਆਂ, ਤਲਵੰਡੀ ਵਿਰਕ, ਭੁੱਲੇਚੱਕ, ਗੁੰਝੀਆਂ, ਪੰਧੇਰ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਖੇਤਾਂ ‘ਚ ਸਰਚ ਆਪਰੇਸ਼ਨ ਚਲਾਇਆ। ਲੋਕਨਾਥ ਆਂਗਰਾ ਨੇ ਇਹ ਵੀ ਕਿਹਾ ਕਿ ਲੋਕ ਅਫਵਾਹਾਂ ਤੋਂ ਜ਼ਰੂਰ ਬਚਣ ਅਤੇ ਜੇਕਰ ਕੋਈ ਝੂਠੀ ਅਫਵਾਹ ਫੈਲਾਉਂਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਸ ਨੂੰ ਦੇਣ।
Can’t distrust Pak so soon on Pathankot: Rajnath






