ਪਾਲ ਸਿੰਘ ਨੌਲੀ
ਜਲੰਧਰ, 8 ਅਕਤੂਬਰ
ਸਾਬਕਾ ਫੌਜੀਆਂ ਦੇ ਹੱਕਾਂ ਲਈ ‘ਹਰ ਲੜਾਈ’ ਲੜਨ ਦਾ ਐਲਾਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਬਕਾ ਫੌਜੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਥੇ ਦੇਸ਼ ਭਗਤ ਯਾਦਗਾਰ ਹਾਲ ’ਚ ਸਾਬਕਾ ਫ਼ੌਜੀਆਂ ਵੱਲੋਂ ਉਠਾਏ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਕਾਂਗਰਸ ਆਗੂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਹੁਣ ਮਿਸ਼ਨ 2017 ਨੂੰ ਫਤਹਿ ਕਰਨ ਲਈ ਮੋਰਚੇ ਸੰਭਾਲ ਲੈਣ ਤੇ ਸੱਤਾ ਵਿਚ ਆਉਣ ’ਤੇ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਸਾਬਕਾ ਫੌਜੀਆਂ ਨਾਲ ਇਹ ਵਾਅਦਾ ਵੀ ਕੀਤਾ ਕਿ ਜਿਹੜੀਆਂ ਮੰਗਾਂ ਸੂਬਾ ਸਰਕਾਰ ਦੇ ਕਰਨ ਵਾਲੀਆਂ ਹੋਣਗੀਆਂ, ਉਨ੍ਹਾਂ ਨੂੰ ਸਰਕਾਰ ਬਣਦੇ ਸਾਰ ਹੀ ਲਾਗੂ ਕੀਤਾ ਜਾਵੇਗਾ ਤੇ ਜਿਹੜੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਉਨ੍ਹਾਂ ਨੂੰ ਵੀ ਲਾਗੂ ਕਰਾਉਣ ਲਈ ਉਹ ਪੂਰੀ ਵਾਹ ਲਾਉਣਗੇ।
ਖਡੂਰ ਸਾਹਿਬ ਤੋਂ ਆਏ ਇਕ ਸਾਬਕਾ ਫੌਜੀ ਨੇ ਕੈਪਟਨ ਅਮਰਿੰਦਰ ਸਿੰਘ ਕੋਲ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਉਨ੍ਹਾਂ ਨੂੰ ਕਥਿਤ ਝੂਠੇ ਕੇਸ ਵਿਚ ਫਸਾ ਕੇ 22 ਦਿਨ ਜੇਲ੍ਹ ਵਿਚ ਰੱਖਿਆ ਤੇ ਦਬਾਅ ਪਾਇਆ ਕਿ ਉਹ ਅਕਾਲੀ ਦਲ ਵਿਚ ਆ ਕੇ ਸਿਰੋਪਾ ਪਵਾ ਲਵੇ ਤਾਂ ਕੇਸ ਰਫਾ-ਦਫਾ ਕਰ ਦਿੱਤੇ ਜਾਣਗੇ। ਇਸ ਫੌਜੀ ਨੇ ਦੱਸਿਆ ਕਿ ਹਾਕਮ ਧਿਰ ਦੇ ਲੋਕ ਜੇਲ੍ਹ ਵਿਚ ਵੀ ਲੋਕਾਂ ਨੂੰ ਆਪਸ ਵਿਚ ਲੜਾ ਕੇ ਕਥਿਤ ਰਾਜਸੀ ਖੁੰਦਕਾਂ ਕੱਢ ਰਹੇ ਹਨ।
ਫੌਜ ਦੀ ਰੈਜੀਮੈਂਟ ਸਿੱਖ ਲਾਈਟ ਇਨਫੈਂਟਰੀ (ਸਿੱਖ ਐਲਾਆਈ) ਵਿਚ ਕੈਪਟਨ ਰਹੇ ਪੂਰਨ ਸਿੰਘ ਨੇ ਕੈਪਟਨ ਅੱਗੇ ਸਵਾਲ ਰੱਖਿਆ ਕਿ ਸਿੱਖ ਐਲਾਆਈ ਦਾ ਇਤਿਹਾਸ ਕੋਈ ਲੇਖਕ ਨਹੀਂ ਲਿਖ ਰਿਹਾ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਰੈਜੀਮੈਂਟ ਦਾ ਇਤਿਹਾਸ ਖ਼ੁਦ ਲਿਖਣਗੇ। ਜਿਵੇਂ ਉਨ੍ਹਾਂ ਨੇ ਸਾਰਾਗੜ੍ਹੀ ਦਾ ਇਤਿਹਾਸ ਲਿਖਿਆ ਹੈ। ਕਰਨਲ ਰਘਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੈਨਿਕ ਬੋਰਡਾਂ ਵਿਚ ਸਾਬਕਾ ਫੌਜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਬਕਾ ਫੌਜੀ ਫੁੰਮਣ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀਆਂ ਦੇ ਇਲਾਜ ਲਈ ਬਣਾਏ ਜਾਂਦੇ ਸੈਂਟਰ ਨੇੜੇ-ਨੇੜੇ ਬਣਾਏ ਜਾਣ ਤਾਂ ਜੋ ਬਜ਼ੁਰਗ ਸਾਬਕਾ ਫ਼ੌਜੀਆਂ ਨੂੰ ਸਹੂਲਤ ਹੋ ਸਕੇ। ਬਹੁਤ ਸਾਰੇ ਫੌਜੀਆਂ ਨੇ ਇਹ ਮਸਲਾ ਵੀ ਉਠਾਇਆ ਕਿ ਫੌਜ ਵਿਚ ਆਪਣੇ ਪੋਤਿਆਂ ਨੂੰ ਭਰਤੀ ਕਰਵਾਉਣ ਵਿਚ ਉਨ੍ਹਾਂ ਨੂੰ ਔਖ ਆ ਰਹੀ ਹੈ, ਫੌਜੀ ਦਾਦੇ ਵੱਲੋਂ ਆਪਣੇ ਪੋਤੇ ਨੂੰ ਭਰਤੀ ਕਰਵਾਉਣ ਲੱਗਿਆਂ ਉਸ ਨੂੰ ਖ਼ੂਨ ਦੇ ਰਿਸ਼ਤੇ ਦੀ ਛੋਟ ਨਹੀਂ ਮਿਲਦੀ। ਇਹ ਮੰਗ ਬਹੁਤ ਸਾਰੇ ਫੌਜੀਆਂ ਵੱਲੋਂ ਉਠਾਏ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਤਾਂ ਸੁਣ ਕੇ ਹੀ ਦੰਗ ਰਹਿ ਗਏ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਮੰਗ ਨੂੰ ਦੇਸ਼ ਦੇ ਰੱਖਿਆ ਮੰਤਰੀ ਕੋਲ ਉਠਾਉਣਗੇ। ਇਸ ਮੌਕੇ ਕੌਮੀ ਪ੍ਰਧਾਨ ਭਾਗ ਸਿੰਘ, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ, ਲੈਫਟੀਨੈਂਟ ਜਨਰਲ ਜਸਬੀਰ ਸਿੰਘ ਧਾਲੀਵਾਲ, ਮੇਜਰ ਜਨਰਲ ਐਸ.ਪੀ.ਐਸ. ਗਰੇਵਾਲ, ਕੈਪਟਨ ਹਰਮਿੰਦਰ ਸਿੰਘ ਵੀ ਮੌਜੂਦ ਸਨ।