ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਬਕਾ ਫੌਜੀਆਂ ਲਈ 43 ਸਾਲਾਂ ਤੋਂ ਚਲੀ ਆ ਰਹੀ ’ਵਨ ਰੈਂਕ ਵਨ ਪੈਨਸ਼ਨ’ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਕੀਤੇ ਗਏ ਵਾਅਦੇ ਨੂੰ ਨਾ ਸਿਰਫ ਪੂਰਾ ਕੀਤਾ, ਦੇਸ਼ ਦੇ 30 ਲੱਖ ਸਾਬਕਾ ਫੌਜੀ ਪਰਿਵਾਰਾਂ ਨੂੰ 7500 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਕੰਮ ਕੀਤਾ ਹੈ। ਅੱਜ ਇੱਥੇ ਇਕ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਨ ਰੈਂਕ ਵਨ ਪੈਨਸ਼ਨ ’ਤੇ ਕੇਂਦਰ ਸਰਕਾਰ ਨੂੰ ਲਿਖੇ ਗਏ ਪੱਤਰ ’ਤੇ ਹੈਰਾਨੀ ਜ਼ਾਹਿਰ ਕਰਦਿਆ ਕਿਹਾ ਕਿ ਵਧੀਆ ਹੁੰਦਾ ਕਿ ਵਨ ਰੈਂਕ ਵਨ ਪੈਨਸ਼ਨ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1971 ਦੇ ਭਾਰਤ-ਪਾਕ ਜੰਗ ਜਿੱਤਣ ਤੋਂ ਬਾਅਦ 1972 ਵਿਚ ਵਨ ਰੈਂਕ ਵਨ ਪੈਨਸ਼ਨ ਨੂੰ ਬੰਦ ਕਰ ਦਿੱਤਾ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਆਪਣੇ ਵਾਅਦੇ ਨੂੰ ਲਾਗੂ ਕੀਤਾ ਹੈ। ਇੰਨ੍ਹਾਂ ਹੀ ਨਹੀਂ ਜੇਕਰ ਕਿਸੇ ਨੂੰ ਇਤਰਾਜ ਹੈ ਤਾਂ ਉਹ ਨਿਆਂਇਕ ਕਮਿਸ਼ਨ ਵਿਚ ਅਪੀਲ ਕਰ ਸਕਦਾ ਹੈ ਜੋ ਇਸ ਨੋਟੀਫਿਕੇਸ਼ਨ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜੀਆਂ ਦੇ ਮਾਨ-ਸਨਮਾਨ ਲਈ ਇਤਿਹਾਸਕ ਫੈਸਲਾ ਕਰਕੇ ਦਿਵਾਲੀ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਸਾਬਕਾ ਫੌਜੀਆਂ ਤੋਂ ਅਪੀਲ ਕੀਤੀ ਕਿ ਉਹ ਸਮਝਦਾਰੀ ਨਾਲ ਕੰਮ ਲੈਣ ਅਤੇ ਕਿਸੇ ਭੜਕਾਹਟ ਵਿਚ ਨਾ ਆਉਣ। ਕੁਝ ਫੌਜੀਆਂ ਵੱਲੋਂ ਮੈਡਲ ਵਾਪਸ ਕਰਨ ਦੇ ਪਿੱਛੇ ਉਨ੍ਹਾਂ ਦੇ ਨਿੱਜੀ, ਰਾਜਨੀਤਿਕ ਜਾਂ ਹੋਰ ਕਾਰਨ ਹੋ ਸਦੇ ਹਨ। ਝੋਨਾ ਖਰੀਦ ਦੇ ਸਬੰਧੀ ਇਕ ਸੁਆਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੁਦ ਇਸ ਬਾਰੇ ਗੰਭੀਰ ਹਨ ਅਤੇ ਵੀਡਿਓ ਕਾਨਫਰੰਸ ਰਾਹੀਂ ਅਧਿਕਾਰੀਆਂ ਨੂੰ ਗੋਦਾਮਾਂ ਤਕ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਵਿਰੋਧੀ ਪਾਰਟੀ ਦੇ ਨੇਤਾਵਾਂ ਨਾਲ ਵੀ ਪਾਰਟੀ ਹਿੱਤ ਤੋਂ ਉਪਰ ਚੁੱਕ ਕੇ ਸਹਿਯੋਗ ਕਰਨ ਨੂੰ ਕਿਹਾ।