Sanjha Morcha

ਹਰਿਆਣੇ ਵਿੱਚ ਨਮੀ ਦੀ 21 ਫ਼ੀਸਦੀ ਤੱਕ ਛੋਟ ਅਤੇ ਪੰਜਾਬ ਵਿੱਚ ਸਿਰਫ਼ 17 ਫ਼ੀਸਦੀ ਤੱਕ ਛੋਟ ਦੇਣ ਦਾ ਦਾਅਵਾ

ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਾਬਕਾ ਫੌਜੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ।-ਫੋਟੋ:ਮਲਕੀਅਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 8 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਝੋਨਾ ਖਰੀਦਣ ਦੇ ਮਾਮਲੇ ਵਿੱਚ ਕੇਂਦਰ ਵੱਲੋਂ ਪੰਜਾਬ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਮੀ ਦੇ ਮਾਮਲੇ ਵਿੱਚ ਪੰਜਾਬ ਨਾਲੋਂ ਹਰਿਆਣਾ ਨੂੰ ਵੱਧ ਛੋਟ ਦਿੱਤੀ ਜਾ ਰਹੀ ਹੈ ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸੰਵੇਦਨਸ਼ੀਲ ਮੁੱਦੇ ’ਤੇ ਚੁੱਪ ਧਾਰ ਕੇ ਬੈਠੇ ਹੋਏ ਹਨ। ਕੈਪਟਨ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਐਕਸ-ਸਰਵਿਸਮੈਨ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਹਰ ਥਾਂ ਵਿਤਕਰਾ ਕਰ ਰਹੀ ਹੈ ਤੇ ਝੋਨੇ ਦੀ ਖ਼ਰੀਦ ਵਿੱਚ ਐਫਸੀਆਈ ਨੇ ਹਰਿਆਣਾ ਨੂੰ ਤਾਂ 21 ਫ਼ੀਸਦ ਤੱਕ ਨਮੀ ਦੀ ਛੋਟ ਦਿੱਤੀ ਹੋਈ ਹੈ ਜਦਕਿ ਪੰਜਾਬ ਦੇ ਕਿਸਾਨਾਂ ਦਾ ਝੋਨਾ 17 ਫ਼ੀਸਦ ਨਮੀ ਵਾਲਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੀ ਸੱਤਾ ਵਿੱਚ ਭਾਈਵਾਲ ਹੈ ਅਤੇ ਉਹ ਵੀ ਇਸ ਮਾਮਲੇ ’ਤੇ ਚੁੱਪ ਬੈਠੀ ਹੈ।  ਕੈਪਟਨ ਨੇ ਪੰਜਾਬ ਵਿੱਚ ਹੋਏ 32 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੂਬਾ ਸਰਕਾਰ ਖ਼ੁਦ ਕਬੂਲ ਕਰ ਚੁੱਕੀ ਹੈ ਕਿ ਅਨਾਜ ਗਾਇਬ ਹੈ। ਅਜਿਹੇ ਵਿੱਚ ਮੁੱਖ ਮੰਤਰੀ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਕੈਪਟਨ ਨੇ ਸਰਹੱਦੀ ਪਿੰਡਾਂ ਦੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰ ਖਾਲੀ ਕਰਵਾ ਕੇ ਪ੍ਰੇਸ਼ਾਨ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਦਲ ਨੇ ਸਰਹੱਦੀ ਪਿੰਡਾਂ ’ਚ ਜੰਗ ਹੋਣ ਦਾ ਡਰ ਦਿਖਾ ਕੇ ਆਪਣੇ ਭਾਈਵਾਲ ਭਾਜਪਾ ਨੂੰ  ਉਤਰ ਪ੍ਰਦੇਸ਼ ਵਿੱਚ ਸਿਆਸੀ ਲਾਭ ਪਹੁੰਚਾਉਣ ਦੀ ਕੋਝੀ ਸ਼ਰਾਰਤ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੈਲੇਫੋਰਨੀਆ ਵਿੱਚ ਸਿੱਖ ਉਪਰ ਨਸਲੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਵਿਦੇਸ਼ਾਂ ’ਚ ਵੱਸਣ ਵਾਲੇ ਪੰਜਾਬੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।