ਰੋਹਤਕ— ਫੌਜ ਮੁਖੀ ਬਣਨ ਤੋਂ ਬਾਅਦ ਆਰਮੀ ਚੀਫ ਜਨਰਲ ਦਲਬੀਰ ਸਿੰਘ ਸੁਹਾਗ ਸ਼ਨੀਵਾਰ ਨੂੰ ਆਪਣੀ ਪਤਨੀ ਨਾਲ ਪਹਿਲੀ ਵਾਰ ਆਪਣੇ ਜੱਦੀ ਪਿੰਡ ਬਿਸਾਨ ਪਹੁੰਚੇ। ਜੱਦੀ ਪਿੰਡ ਪਹੁੰਚ ਤੋਂ ਬਾਅਦ ਉਨ੍ਹਾਂ ਦੇ ਦਿਲ ਵਿਚ ਕਈ ਸਮੇਂ ਤੋਂ ਇਕ ਵਿਚਾਰ ਸੀ, ਜੋ ਕਿ ਉਨ੍ਹਾਂ ਨੇ ਸਾਰਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਫੌਜ ਵਿਚ ਕਈ ਅਫਸਰ ਦੇਣ ਵਾਲੇ ਉਨ੍ਹਾਂ ਦੇ ਪਿੰਡ ਬਿਸਾਨ ‘ਚ ਅਜੇ ਤਕ ਕੋਈ ਧੀ ਫੌਜ ‘ਚ ਅਫਸਰ ਨਹੀਂ ਬਣੀ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਪਿੰਡ ਦੀਆਂ ਧੀਆਂ ਵੀ ਫੌਜ ਵਿਚ ਅਫਸਰ ਬਣਨ ਅਤੇ ਮੈਂਨੂੰ ਇਸ ਗੱਲ ਦੀ ਉਡੀਕ ਰਹੇਗੀ ਕਿ ਇਹ ਕੰਮ ਸਭ ਤੋਂ ਪਹਿਲਾਂ ਕਿਹੜੀ ਧੀ ਕਰੇਗੀ।
ਫੌਜ ਮੁਖੀ ਬਣਨ ਤੋਂ ਹਰਿਆਣਾ ਦੇ ਬਿਸਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚੇ ਸੁਹਾਗ ਨੇ ਨੌਜਵਾਨਾਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਕੂਲ ਵਿਚ ਪਿੱਪਲ ਅਤੇ ਕਿੱਕਰ ਦੇ ਦਰੱਖਤ ਹੇਠਾਂ ਪੜ੍ਹਾਈ ਕਰ ਕੇ ਮੈਂ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹਾਂ ਤਾਂ ਫਿਰ ਅੱਜ ਤਾਂ ਪੜ੍ਹਾਈ ਲਈ ਕਈ ਸਹੂਲਤਾਵਾਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਇਕ ਨਹੀਂ ਸਗੋਂ ਕਿ 100 ਫੌਜ ਮੁਖੀ ਪੈਦਾ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਖੇਤਰ ਵਿਚ ਜੋਸ਼ੀਲੇ ਨੌਜਵਾਨਾਂ ਨੂੰ ਫੌਜ ‘ਚ ਲਿਆਉਣ ਲਈ ਉਹ ਭਰਤੀ ਦਾ ਪ੍ਰਬੰਧ ਕਰਨਗੇ। ਹਰ ਉਸ ਖੇਤਰ ਵਿਚ ਭਰਤੀ ਦਾ ਪ੍ਰਬੰਧ ਹੋਵੇਗਾ, ਜਿੱਥੇ ਨੌਜਵਾਨਾਂ ਵਿਚ ਜੋਸ਼ ਹੈ। ਤਕਰੀਬਨ 3000 ਦੀ ਆਬਾਦੀ ਵਾਲੇ ਬਿਸਾਨ ਪਿੰਡ ਵਿਚ 130 ਲੋਕ ਭਾਰਤੀ ਫੌਜ ਵਿਚ ਬਨ, ਜਦਕਿ ਪਿੰਡ ਵਿਚ 250 ਰਿਟਾਇਰਡ ਫੌਜੀ ਵੀ ਹਨ। ਇਹ ਛੋਟਾ ਜਿਹਾ ਪਿੰਡ ਮਿਸਾਲ ਵਾਂਗ ਹੈ। ਸੁਹਾਗ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਕਿ ਉਨ੍ਹਾਂ ਦਾ ਪੁੱਤਰ ਆਰਮੀ ਚੀਫ ਬਣ ਕੇ ਪਿੰਡ ਆਵੇ। ਮੈਂ ਬਹੁਤ ਖੁਸ਼ ਹਾਂ।