Sanjha Morcha

ਪਾਕਿ ਵੱਲੋਂ ਘੁਸਪੈਠ ਲਈ ਹੀ ਵਰਤੀ ਜਾਣੀ ਸੀ ਸੁਰੰਗ: ਕੇ.ਜੇ.ਸਿੰਘ

Posted On March – 5 – 2016

ਪੱਤਰ ਪ੍ਰੇਰਕ
ਪਠਾਨਕੋਟ, 5 ਮਾਰਚ

ਫੌਜ ਦੀ ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ ਨੇ ਅੱਜ ਮਾਮੂਨ ਫੌਜੀ ਛਾਉਣੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖ਼ੁਲਾਸਾ ਕੀਤਾ ਕਿ ਜੰਮੂ-ਕਸ਼ਮੀਰ ਦੇ ਆਰ.ਐਸ. ਪੁਰਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਦੀ ਤਰਫੋਂ ਭਾਰਤੀ ਹੱਦ ਤੱਕ ਆਉਂਦੀ ਜੋ ਸੁਰੰਗ ਲੱਭੀ ਹੈ, ਉਹ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਵਾਉਣ ਲਈ ਹੀ ਵਰਤੀ ਜਾਣੀ ਸੀ। ਇਸ ਬਾਰੇ ਸਮੇਂ ਸਿਰ ਪਤਾ ਲੱਗ ਜਾਣ ਕਰਕੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਅਾ ਹੈ।
ਲੈਫਟੀ. ਜਨਰਲ ਕੇ.ਜੇ. ਸਿੰਘ ਅੱਜ ਇੱਥੇ 21 ਸਬ ਏਰੀਆ ਵੱਲੋਂ ਸਾਬਕਾ ਸੈਨਿਕਾਂ ਦੀ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸੁਰੰਗ ਦਾ ਮਿਲਣਾ ਗੰਭੀਰ ਮੁੱਦਾ ਹੈ ਅਤੇ ਇੱਥੋਂ ਫਿਦਾਈਨ ਤੇ ਹੋਰ ਦਹਿਸ਼ਤਗਰਦ ਭਾਰਤ ਵਿੱਚ ਘੁਸਪੈਠ ਕਰਕੇ ਦਾਖ਼ਲ ਹੋ ਜਾਣੇ ਸਨ। ਇਸ ਸਬੰਧੀ ਇੱਕ ਵਿਸ਼ੇਸ਼ ਟੀਮ ਜਾਂਚ ਕਰ ਰਹੀ ਹੈ ਅਤੇ ਸਰਵੇ ਆਫ ਇੰਡੀਆ ਦੀ ਇੱਕ ਟੀਮ ਤੇ ਸੁਰੱਖਿਆ ਏਜੰਸੀਆਂ ਵੀ ਮੌਕੇ ’ਤੇ ਜਾਂਚ ਕਰਨ ਲਈ ਪੁੱਜ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੁਰੰਗ ਵਾਲੀ ਜਗ੍ਹਾ ’ਤੇ ਜੰਗਲ ਅਤੇ ਸਰਕੰਡਾ ਬਹੁਤ ਹੈ, ਜਿਸ ਨੂੰ ਜੇ.ਸੀ.ਬੀ. ਦੀ ਮੱਦਦ ਨਾਲ ਸਾਫ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਹੋਰ ਕੋਈ ਸੁਰੰਗ ਵੀ ਉਕਤ ਖੇਤਰ ਵਿੱਚ ਮਿਲ ਸਕਦੀ ਹੈ, ਇਸ ਕਰਕੇ ਬੀ.ਐਸ.ਐਫ. ਨੇ ਵਿਸ਼ੇਸ਼ ਸਫਾਈ ਅਭਿਆਨ ਵਿੱਢਿਆ ਹੈ।  ਪਾਕਿਸਤਾਨ ਦੀ ਇੱਕ ਪਾਸੇ ਟੀ-ਟਵੰਟੀ ਵਰਲਡ ਕੱਪ ਲਈ ਭਾਰਤ ਨਾਲ ਕ੍ਰਿਕਟ ਮੈਚ ਵਿੱਚ ਹਿੱਸਾ ਲੈਣ ਲਈ ਆਪਣੀ ਟੀਮ ਭੇਜਣਾ ਅਤੇ ਦੂਜੇ ਪਾਸੇ ਦਹਿਸ਼ਤਗਰਦੀ ਕਾਰਵਾਈਆਂ ਨੂੰ ਸ਼ਹਿ ਦੇਣ ਦੀ ਦੋਗਲੀ ਨੀਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਪ੍ਰਤੀਕਿਰਿਆ ਕਰਨ ਤੋਂ ਗੁਰੇਜ਼ ਕਰਦਿਆਂ ਏਨਾ ਹੀ ਕਿਹਾ ਕਿ ਸੈਨਿਕ ਹੋਣ ਦੇ ਨਾਤੇ ਉਹ ਇਸ ਨੂੰ ਇੱਕ ਸੁਰੱਖਿਆ ਚੁਣੌਤੀ ਦੇ ਰੂਪ ਵਿੱਚ ਦੇਖਦੇ ਹਨ ਅਤੇ ਮੈਚ ਦੌਰਾਨ ਜੋ ਵੀ ਸੁਰੱਖਿਆ ਲੋੜੀਂਦੀ ਹੋਵੇਗੀ ਉਹ ਮੁਹੱਈਆ ਕਰਵਾਈ ਜਾਵੇਗੀ।
ਦਹਿਸ਼ਤੀ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸੈਨਾ ਕੋਲ ਤਾਂ ਅਜਿਹੀਆਂ ਸੂਚਨਾਵਾਂ ਹਨ ਕਿ ਦਹਿਸ਼ਤਗਰਦ ਮਹਾਸ਼ਿਵਰਾਤਰੀ ਮੌਕੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਪਰ ਫੌਜ ਉਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਵੇਗੀ। ਇਹ ਦਹਿਸ਼ਤਗਰਦਾਂ ਦੀ ਚਾਲ ਹੁੰਦੀ ਹੈ ਕਿ ਜਦ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੋਵੇ ਜਾਂ ਧਾਰਮਿਕ ਉਤਸਵ ਹੋਵੇ ਉਸ ਵੇਲੇ ਕਿਸੇ ਐਸੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਕਮਾਂਡ ਮੁਖੀ ਨੇ ਦਾਅਵਾ ਕੀਤਾ ਕਿ ਪਠਾਨਕੋਟ ਏਅਰਬੇਸ ਦੇ ਦੌਰੇ ਸਮੇਂ ਪਾਕਿਸਤਾਨ ਦੀ ਜਾਂਚ ਟੀਮ ਨੂੰ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਲੈਣ ਦਿੱਤੀ ਜਾਵੇਗੀ, ਜਿਸ ਨਾਲ ਏਅਰਬੇਸ ਦੀ ਅੰਦਰੂਨੀ ਸੁਰੱਖਿਆ ਨੂੰ ਕੋਈ ਖਤਰਾ ਖੜ੍ਹਾ ਹੋਵੇ।
ਇਸ ਤੋਂ ਪਹਿਲਾਂ ਉਨ੍ਹਾਂ ਸਾਬਕਾ ਸੈਨਿਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਧਰਤੀ ’ਤੇ ਜੋ ਵੀ ਬੁਰੀ ਨਜ਼ਰ (ਇਰਾਦੇ) ਨਾਲ ਆਏਗਾ, ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਇਸ ਰੈਲੀ ਵਿੱਚ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਕਰੀਬ 3500 ਸਾਬਕਾ ਸੈਨਿਕਾਂ, ਅਫਸਰਾਂ, ਜੇ.ਸੀ.ਓਜ਼ ਅਤੇ ਵੀਰ ਨਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਆਰਥਿਕ ਤੌਰ ’ਤੇ ਕਮਜੋਰ ਸਾਬਕਾ ਸੈਨਿਕਾਂ ਦੇ 11 ਪਰਿਵਾਰਾਂ ਨੂੰ 40-40 ਹਜ਼ਾਰ ਰੁਪਏ ਦੇ ਚੈੱਕ ਤੇ 17 ਅੰਗਹੀਣ ਸਾਬਕਾ ਸੈਨਿਕਾਂ ਨੂੰ ਐਕਟਿਵਾ ਸਕੂਟਰ ਦਿੱਤੇ ਗਏ। 53 ਵੀਰ ਨਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ।