ਚੰਡੀਗੜ੍ਹ (ਪਰਾਸ਼ਰ)— ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪਠਾਨਕੋਟ ਏਅਰਬੇਸ ‘ਤੇ ਹਮਲਾ ਪਾਕਿਸਤਾਨੀ ਆਰਮੀ ਤੇ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਹੀ ਕੀਤਾ ਗਿਆ ਹੈ। ਹਾਲਾਂਕਿ ਪਾਕਿਸਤਾਨ ਸਰਕਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘÎੜਿਆ ਘੜਾਇਆ ਸਟੈਂਡ ਲੈ ਕੇ ਇਹ ਕਹਿ ਰਹੀ ਹੈ ਕਿ ਉਸ ਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਤੇ ਭਾਰਤ ਵਲੋਂ ਪੇਸ਼ ਕੀਤੇ ਗਏ ਇਸ ਹਮਲੇ ਦੇ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਉਹ ਕੁੱਝ ਕਹਿ ਸਕੇਗਾ। ਉਸ ਨੇ ਇਸ ਹਮਲੇ ਦੀ ਜਾਂਚ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ ਹੈ ਪਰ ਇਸ ਨੂੰ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ। ਮੁੰਬਈ ਤੇ ਦੀਨਾਨਗਰ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਵੀ ਪਾਕਿਸਤਾਨ ਸਰਕਾਰ ਨੇ ਕੁੱਝ ਅਜਿਹੀਆਂ ਹੀ ਦਲੀਲਾਂ ਦੇ ਕੇ ਭਾਰਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਸੀ।
ਖੁਸ਼ੀ ਭਰੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ – ਪੰਜਾਬ ਪੁਲਸ ਦੇ ਖੁਫ਼ੀਆ ਤੰਤਰ ਦਾ ਕਹਿਣਾ ਹੈ ਕਿ ਇਹ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਹੌਰ ਯਾਤਰਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਦੋਸਤੀ ਦਾ ਹੱਥ ਵਧਾਉਣ ‘ਤੇ ਪੈਦਾ ਹੋਏ ਖੁਸ਼ੀ ਭਰੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਹੈ।
ਪੰਜਾਬ ਪੁਲਸ ਨੇ ਦਿੱਤੀ ਪਹਿਲੀ ਸੂਚਨਾ- ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਪਠਾਨਕੋਟ ਏਅਰਬੇਸ ਵਿਚ ਦਾਖਲ ਹੋਏ ਅੱਤਵਾਦੀਆਂ ਵਿਰੁੱਧ ਹੋਈ ਸਿੱਧੀ ਕਾਰਵਾਈ ਵਿਚ ਸ਼ਾਮਲ ਨਹੀਂ ਹਨ। ਇਹ ਕੰਮ ਭਾਰਤੀ ਸੈਨਾ, ਏਅਰਫੋਰਸ ਤੇ ਐੱਨ. ਐੱਸ. ਜੀ. ਵਲੋਂ ਕੀਤਾ ਜਾ ਰਿਹਾ ਹੈ ਪਰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅੱਤਵਾਦੀ ਹਮਲੇ ਦੀ ਪਹਿਲੀ ਸੂਚਨਾ ਪੰਜਾਬ ਪੁਲਸ ਦੇ ਐੱਸ. ਪੀ. ਸਲਵਿੰਦਰ ਸਿੰਘ ਤੋਂ ਹੀ ਮਿਲੀ, ਜਿਨ੍ਹਾਂ ਨੂੰ ਅਗਵਾ ਕਰਕੇ ਅੱਤਵਾਦੀਆਂ ਨੇ ਉਨ੍ਹਾਂ ਦੀ ਗੱਡੀ ਖੋਹ ਲਈ ਤੇ ਏਅਰਬੇਸ ਤੱਕ ਪਹੁੰਚਣ ਲਈ ਇਸਤੇਮਾਲ ਕੀਤੀ। ਸਲਵਿੰਦਰ ਗੁਰਦਾਸਪੁਰ ਤੋਂ ਅੰਡਰ ਟ੍ਰਾਂਸਫਰ ਹਨ। ਟ੍ਰਾਂਸਫਰ ਦੇ ਬਾਵਜੂਦ ਵੀ ਉਹ ਗੁਰਦਾਸਪੁਰ ਦੇ ਦਿਹਾਤੀ ਇਲਾਕੇ ਵਿਚ ਉਸ ਰਾਤ ਕੀ ਕਰ ਰਹੇ ਸਨ, ਇਸ ਦੀ ਜਾਂਚ ਪੰਜਾਬ ਪੁਲਸ ਵਲੋਂ ਹਾਲਾਂਕਿ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਵਿਰੁੱਧ ਕੋਈ ਸਬੂਤ ਅਜੇ ਨਹੀਂ ਮਿਲਿਆ ਹੈ।
ਪੁਲਸ ਦੀ ਉਲਝਣ – ਇਸੇ ਤਰ੍ਹਾਂ ਅੱਤਵਾਦੀਆਂ ਦੇ ਚੁੰਗਲ ਤੋਂ ਭੱਜਣ ਦੇ ਯਤਨ ਵਿਚ ਮਾਰੇ ਗਏ ਟੈਕਸੀ ਡਰਾਈਵਰ ਇਕਾਗਰ ਸਿੰਘ ਦੇ ਫ਼ੋਨ ਕਾਲ ਤੇ ਉਸ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਇਸ ਗੱਲ ‘ਤੇ ਵੀ ਉਲਝੀ ਪਈ ਹੈ ਕਿ ਇਕਾਗਰ ਸਿੰਘ ਨੂੰ ਉਸੇ ਦਿਨ ਪਾਕਿਸਤਾਨ ਤੋਂ ਕਿਉਂ ਕਾਲ ਆਈ, ਜਿਸ ਮਗਰੋਂ ਉਹ ਟੈਕਸੀ ਲੈ ਕੇ ਨਿਕਲ ਪਿਆ। ਪੁਲਸ ਇਸ ਗੱਲ ਨੂੰ ਲੈ ਕੇ ਵੀ ਉਲਝਣ ‘ਚ ਹੈ ਕਿ ਅੱਤਵਾਦੀਆਂ ਨੇ ਸਿਰਫ਼ ਇਕਾਗਰ ਸਿੰਘ ਦੀ ਹੱਤਿਆ ਕਿਉਂ ਕੀਤੀ ਤੇ ਸਲਵਿੰਦਰ ਸਿੰਘ ਨੂੰ ਜਿਊਂਦਾ ਕਿਉਂ ਛੱਡ ਦਿੱਤਾ।
ਗੁਰਦਾਸਪੁਰ ‘ਚ ਫੌਜ ਦੀ ਵਰਦੀ ‘ਚ ਦੇਖੇ ਗਏ ਦੋ ਸ਼ੱਕੀ ਵਿਅਕਤੀ, ਭਾਲ ‘ਚ ਲੱਗੀ ਪੁਲਸ
ਗੁਰਦਾਸਪੁਰ : ਗੁਰਦਾਸਪੁਰ ਦੇ ਟਿਪਡੀ ਕੈਂਪ ਦੇ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੱਕੀ ਵਿਅਕਤੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਸ਼ੱਕੀਆਂ ਦੀ ਭਾਲ ‘ਚ ਜੁੱਟ ਗਈ ਹੈ।
ਇਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਦੇ ਮਨਵਾਲ ਇਲਾਕੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਏਅਰਬੇਸ ‘ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਪਠਾਨਕੋਟ ਹਮਲਾ : ਫੌਜ ਹੱਥ ਲੱਗੇ ਅਜਿਹੇ ਸਬੂਤ, ਜਿਨ੍ਹਾਂ ਨੇ ਪੂਰੀ ਦੁਨੀਆ ਸਾਹਮਣੇ ਲਿਆਂਦਾ ਪਾਕਿਸਤਾਨ ਦਾ ਅਸਲੀ ਚਿਹਰਾ
ਪਠਾਨਕੋਟ : ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ 2 ਜਨਵਰੀ ਨੂੰ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਦੇ ਹੱਥ ਅਜਿਹੇ ਸਬੂਤ ਲੱਗੇ ਹਨ, ਜਿਨ੍ਹਾਂ ਨੇ ਪਾਕਿਸਤਾਨ ਦਾ ਅਸਲੀ ਚਿਹਰਾ ਪੂਰੀ ਦੁਨੀਆ ਦੇ ਸਾਹਮਣੇ ਲੈ ਆਂਦਾ ਹੈ। ਅਸਲ ‘ਚ ਇਸ ਹਮਲੇ ਦੀ ਪੂਰੀ ਸਾਜਿਸ਼ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨੇ ਰਚੀ ਸੀ। ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀ ਹਮਲੇ ਦੌਰਾਨ ਸੁਰੱਖਿਆ ਬਲਾਂ ਵਲੋਂ ਢੇਰ ਕੀਤੇ ਅੱਤਵਾਦੀਆਂ ਕੋਲੋਂ ਬਰਾਮਦ ਕੀਤੀ ਗਈ ਸਮੱਗਰੀ ਅਤੇ ਉਨ੍ਹਾਂ ਵਲੋਂ ਕੀਤੀਆਂ ਗਈਆਂ ਫੋਨ ਕਾਲਾਂ ਸਿੱਧਾ ਇਸ ਹਮਲੇ ‘ਚ ਪਾਕਿਸਤਾਨੀ ਅੱਤਵਾਦੀ ਸੰਗਠਨ ਦਾ ਹੱਥ ਹੋਣ ਦੇ ਸਬੂਤ ਦੇ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਸਬੂਤ ਵੀ ਫੌਜ ਦੇ ਹੱਥ ਲੱਗੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਨਕਾਰ ਨਹੀਂ ਸਕਦਾ। ਜਿਹੜੇ ਸਬੂਤ ਫੌਜ ਹੱਥ ਲੱਗੇ ਹਨ, ਕੁਝ ਇਸ ਤਰ੍ਹਾਂ ਹਨ—
1. ਫੌਜ ਵਲੋਂ ਢੇਰ ਕੀਤੇ ਗਏ 6 ਅੱਤਵਾਦੀਆਂ ‘ਚੋਂ ਇਕ ਨੇ ਪਾਕਿਸਤਾਨੀ ਬ੍ਰੈਂਡ EPCOT ਦੇ ਜੁੱਤੇ ਪਹਿਨ ਰੱਖੇ ਸਨ। ਇਹ ਬ੍ਰੈਂਡ ਪਾਕਿਸਤਾਨ ‘ਚ ਕਾਫੀ ਮਸ਼ਹੂਰ ਹੈ।
2. ਅੱਤਵਾਦੀਆਂ ਵਲੋਂ ਪਾਕਿਸਤਾਨ ਦੇ ਨੰਬਰ ‘ਤੇ ਫੋਨ ਕਾਲਾਂ ਕੀਤੀਆਂ ਗਈਆਂ।
3. ਅੱਤਵਾਦੀਆਂ ਕੋਲੋਂ ਮਿਲਿਆ ਪਾਕਿਸਤਾਨ ਦਾ ਫੋਨ ਨੰਬਰ
4. ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ‘ਚ ਪਾਕਿਸਤਾਨ ਫੋਨ ਕੀਤੇ ਗਏ।
5. ਅੱਤਵਾਦੀਆਂ ਕੋਲੋਂ ਮਿਲੀ ਪਾਕਿਸਤਾਨੀ ਬੈਟਰੀ
6. ਅੱਤਵਾਦੀਆਂ ਦੇ ਘੁਸਪੈਠ ਕਰਕੇ ਸਰਹੱਦੋਂ ਪਾਰ ਆਉਣ ਦੇ ਸਬੂਤ
ਇਨ੍ਹਾਂ ਸਾਰੇ ਸਬੂਤਾਂ ‘ਤੇ ਜਵਾਬ ਦੇਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਪਾਕਿਸਤਾਨ ਇਨ੍ਹਾਂ ਸਬੂਤਾਂ ‘ਤੇ ਕੋਈ ਕਾਰਵਾਈ ਕਰੇਗਾ, ਜਦੋਂ ਕਿ ਪਾਕਿਸਤਾਨ ਵਲੋਂ ਇਹ ਕਿਹਾ ਵੀ ਜਾ ਚੁੱਕਾ ਹੈ ਕਿ ਉਹ ਭਾਰਤ ਵਲੋਂ ਹਮਲੇ ਸੰਬੰਧੀ ਮੁਹੱਈਆ ਕਰਾਈਆਂ ਗਈਆਂ ਜਾਣਕਾਰੀਆਂ ਅਤੇ ਸਬੂਤਾਂ ‘ਤੇ ਕੰਮ ਕਰ ਰਿਹਾ ਹੈ।
ਫੌਲਾਦ ਵਰਗੇ ਜਿਗਰੇ ਵਾਲਾ ਗੁਰਸੇਵਕ ਸੀ ਸ਼ਹੀਦ ਭਗਤ ਸਿੰਘ ਦਾ ਫੈਨ, ਪੜ੍ਹੋ ਜ਼ਿੰਦਗੀ ਨਾਲ ਜੁੜੀ ਪੂਰੀ ਕਹਾਣੀ
ਅੰਬਾਲਾ— ਦੇਸ਼ ਦੇ ਫੌਜੀ ਵੀਰਾਂ ਦਾ ਦੇਣ ਕੋਈ ਨਹੀਂ ਦੇ ਸਕਦਾ, ਜੋ ਸਾਡੀ ਰੱਖਿਆ ਲਈ ਦੁਸ਼ਮਣਾਂ ਨਾਲ ਹਰ ਸਾਹ ਤੱਕ ਲੜਦੇ-ਮਰਦੇ ਹਨ। ਕੁਝ ਅਜਿਹਾ ਹੀ ਸੀ ਇਹ ਜਵਾਨ, ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਤਵਾਦੀਆਂ ਦਾ ਸਾਹਮਣਾ ਕੀਤਾ ਅਤੇ ਆਪਣੇ ਸੀਨੇ ‘ਤੇ ਗੋਲੀਆਂ ਖਾਧੀਆਂ। ਅੰਬਾਲਾ ਦੇ ਪਿੰਡ ਗਰਨਾਲਾ ਦਾ ਰਹਿਣ ਵਾਲਾ ਗੁਰਸੇਵਕ ਸਿੰਘ, ਜਿਸ ਦੇ ਵਿਆਹ ਨੂੰ ਅਜੇ 45 ਦਿਨ ਹੀ ਹੋਏ ਸਨ। ਉਹ ਪਠਾਨਕੋਟ ਵਿਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋ ਗਿਆ। ਭਾਵੇਂ ਹੀ ਗੁਰਸੇਵਕ ਦੇਸ਼ ਦੀ ਸੇਵਾ ਲਈ ਕੁਰਬਾਨ ਹੋ ਗਿਆ ਪਰ ਉਸ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਗੁਰਸੇਵਕ ਦੇਸ਼ ਦੇ ਲੋਕਾਂ ਦੇ ਦਿਲਾਂ, ਪਰਿਵਾਰ ਦੀਆਂ ਗੱਲਾਂ ਅਤੇ ਦੋਸਤਾਂ ਦੀਆਂ ਯਾਦਾਂ ‘ਚ ਹਮੇਸ਼ਾ ਜ਼ਿੰਦਾ ਰਹੇਗਾ। ਗੁਰਸੇਵਕ ਦੇ ਪਿਤਾ ਅਤੇ ਦੋਸਤਾਂ ਨੇ ਮੀਡੀਆ ਨਾਲ ਉਸ ਨਾਲ ਸੰੰਬੰਧਤ ਬਹਾਦਰੀ ਦੇ ਕਿੱਸੇ ਦੱਸੇ ਤਾਂ ਹਰ ਕੋਈ ਹੈਰਾਨ ਰਹਿ ਗਿਆ। ਆਓ ਜਾਣਦੇ ਹਾਂ ਗੁਰਸਵੇਕ ਦੀ ਜ਼ਿੰਦਗੀ ਬਾਰੇ ਉਨ੍ਹਾਂ ਦੇ ਪਿਤਾ ਦੀ ਜ਼ੁਬਾਨੀ—
ਜਾਬਾਜ਼ ਗੁਰਸੇਵਕ ਭਾਵੇਂ ਹੀ ਅੱਜ ਇਸ ਦੁਨੀਆ ਵਿਚ ਨਾ ਰਿਹਾ ਹੋਵੇ ਪਰ ਉਸ ਦੀਆਂ ਯਾਦਾਂ ਨੂੰ ਆਪਣੀਆਂ ਅੱਖਾਂ ‘ਚ ਵਸਾ ਕੇ ਪਿਤਾ ਸੁੱਚਾ ਸਿੰਘ ਦੱਸਦੇ ਹਨ ਕਿ ਗੁਰਸੇਵਕ ਨੂੰ ਪਿਆਰ ਨਾਲ ਕਾਲਾ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਜਿੱਥੇ ਵੀ ਜਾਂਦਾ ਖੁਸ਼ੀਆਂ ਬਿਖੇਰ ਦਿੰਦਾ ਸੀ। ਜਦੋਂ ਕਦੇ ਸਾਰੇ ਉਸ ਨੂੰ ਕਾਲਾ ਕਹਿ ਕੇ ਬੁਲਾਉਂਦੇ ਸਨ ਤਾਂ ਉਹ ਕਹਿੰਦਾ ਸੀ ਕਿ ਭਾਵੇਂ ਹੀ ਤੁਸੀਂ ਮੇਰਾ ਨਾਂ ਕਾਲਾ ਰੱਖਿਆ ਹੈ ਪਰ ਦੇਖ ਲੈਣਾ ਇਕ ਦਿਨ ਇਸ ਨਾਂ ਦਾ ਉਜਾਲਾ ਪੂਰੀ ਦੁਨੀਆ ‘ਚ ਫੈਲੇਗਾ ਅਤੇ ਹੋਇਆ ਵੀ ਉਹੀ ਆਪਣੀ ਜਾਨ ਕੁਰਬਾਨ ਕਰ ਕੇ ਉਹ ਆਪਣੇ ਨਾਂ ਨੂੰ ਅਮਰ ਕਰ ਗਿਆ। ਪਿਤਾ ਨੇ ਦੱਸਿਆ ਕਿ ਗੁਰਸੇਵਕ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਫੈਨ ਸੀ।
ਦੇਸ਼ ਦੇ ਸੇਵਾ ਦਾ ਜਜ਼ਬਾ ਗੁਰਸੇਵਕ ‘ਚ ਘੱਟ ਨਹੀਂ ਸੀ ਅਤੇ ਇਹ ਹੀ ਕਾਰਨ ਸੀ ਕਿ ਉਹ ਆਪਣੇ ਸਾਥੀ ਜਵਾਨਾਂ ਤੋਂ ਵੱਖਰਾ ਕਰਨ ਦਾ ਜਜ਼ਬਾ ਰੱਖਦਾ ਸੀ। ਪਿਤਾ ਦੱਸਦੇ ਹਨ ਕਿ ਕਮਾਂਡੋ ਟ੍ਰੇਨਿੰਗ ਦੌਰਾਨ ਉਸ ਨੇ ਕਈ ਕਰਤਬ ਦਿਖਾਏ। ਪਿਤਾ ਸੁੱਚਾ ਸਿੰਘ ਨੇ ਕਿਹਾ ਕਿ ਗੁਰਸੇਵਕ ਜਦੋਂ ਜਾਬਾਜ਼ੀ ਦੇ ਕਿੱਸੇ ਸੁਣਾਉਂਦੇ ਸੀ ਤਾਂ ਉਹ ਉਸ ਨੂੰ ਆਪਣਾ ਧਿਆਨ ਰੱਖਣ ਲਈ ਕਹਿੰਦੇ ਸਨ। ਬਸ ਇੰਨਾ ਹੀ ਨਹੀਂ ਪਿਤਾ ਦੱਸਦੇ ਹਨ ਕਿ ਉਨ੍ਹਾਂ ਦਾ ਪੁੱਤਰ ਸ਼ਹੀਦ ਗੁਰਸੇਵਕ ਨਾਂ ਤੋਂ ਹੀ ਨਹੀਂ ਕੰਮ ਤੋਂ ਵੀ ਗੁਰੂ ਦਾ ਸੇਵਕ ਸੀ। ਉਸ ਦੀ ਪਰਮਾਤਮਾ ਵਿਚ ਬਹੁਤ ਆਸਥਾ ਸੀ ਅਤੇ ਉਹ ਸਿੱਖ ਇਤਿਹਾਸ ਦਾ ਗਜ਼ਬ ਦਾ ਗਿਆਨ ਰੱਖਦਾ ਸੀ, ਲੋੜਵੰਦਾਂ ਦੀ ਮਦਦ ਲਈ ਗੁਰਸੇਵਕ ਹਮੇਸ਼ਾ ਤਿਆਰ ਰਹਿੰਦਾ ਸੀ। ਦੋਸਤਾਂ ਦਾ ਕਹਿਣਾ ਹੈ ਉਹ ਆਪਣੇ ਜਿਗਰੀ ਯਾਰ ਨੂੰ ਗੁਆਉਣ ਤੋਂ ਬਾਅਦ ਖਾਲੀ-ਖਾਲੀ ਜਿਹਾ ਮਹਿਸੂਸ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਬਹਾਦਰ ਗੁਰਸੇਵਕ ਜਿਸ ਤਰ੍ਹਾਂ ਲੋਕਾਂ ਦੇ ਕੰਮ ਆਉਂਦਾ ਸੀ, ਉਸੇ ਤਰ੍ਹਾਂ ਉਸ ਦੀ ਯਾਦ ‘ਚ ਇਕ ਮੈਡੀਕਲ ਕਾਲਜ ਬਣਵਾਇਆ ਜਾਵੇ ਜੋ ਲੋਕਾਂ ਦੇ ਕੰਮ ਆ ਸਕੇ।