Sanjha Morcha

ਸਾਬਕਾ ਫ਼ੌਜੀਆਂ ਨੇ ਕਾਂਗਰਸ ਨੂੰ ਦਿੱਤਾ ਸਮਰਥਨ

ਨਵੀਂ ਦਿੱਲੀ ਵਿੱਚ ਵਿਸ਼ੇਸ਼ ਕਾਨਫਰੰਸ ਤੋਂ ਪਹਿਲਾਂ ਸਾਬਕਾ ਫੌਜੀਆਂ ਨੂੰ ਮਿਲਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਵੀਰਭੱਦਰ ਸਿੰਘ ਅਤੇ ਹਰੀਸ਼ ਰਾਵਤ।     -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
‘ਇਕ ਰੈਂਕ ਇਕ ਪੈਨਸ਼ਨ’ ਦੇ ਮੁੱਦੇ ਉਪਰ ਪ੍ਰਦਰਸ਼ਨ ਦੌਰਾਨ ਚਰਚਾ ਦਾ ਵਿਸ਼ਾ ਬਣੀ ‘ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ’ (ਆਈਈਐਸਐਮ) ਨੇ ਚੋਣਾਂ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਆਪਣੇ ਮੈਨੀਫੈਸਟੋ ਵਿੱਚ 21 ਸੂਤਰੀ ਏਜੰਡਾ ਸ਼ਾਮਲ ਕੀਤਾ ਹੈ।
ਇੱਥੇ ਏਆਈਸੀਸੀ ਦਫ਼ਤਰ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ ਪਾਰਟੀ ਆਗੂਆਂ ਏਆਈਸੀਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸੰਸਦ ਮੈਂਬਰ ਅੰਬਿਕਾ ਸੋਨੀ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਤੇ ਰਣਦੀਪ ਸੁਰਜੇਵਾਲਾ ਨੇ ਚੇਅਰਮੈਨ ਮੇਜਰ ਜਨਰਲ (ਸੇਵਾਮੁਕਤ) ਸਤਬੀਰ ਸਿੰਘ ਦੀ ਅਗਵਾਈ ਵਾਲੇ ਆਈਈਐਸਐਮ ਮੈਂਬਰਾਂ ਦਾ ਸਵਾਗਤ ਕੀਤਾ। ਸੇਵਾਮੁਕਤ ਰੱਖਿਆ ਅਫਸਰਾਂ ਜਨਰਲ ਐਸ.ਪੀ. ਗਰੇਵਾਲ ਤੇ ਲੈਫਟੀਨੈਂਟ ਜਨਰਲ ਤਜਿੰਦਰ ਸ਼ੇਰਗਿੱਲ ਵੀ ਸਨ। ਉਨ੍ਹਾਂ ਕਿਹਾ ਕਿ ਆਈਈਐਸਐਮ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਨਾਲ ਦੇਸ਼ ਦੇ ਸਾਬਕਾ ਫੌਜੀ ਹੁਣ ਪਾਰਟੀ ਦੇ ਹੱਕ ਵਿੱਚ ਆ ਚੁੱਕੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਮਨੋਹਰ ਪਰੀਕਰ ਦੀ ਪੂਰੀ ਤਰ੍ਹਾਂ ਉਦਾਸੀਨਤਾ ‘ਤੇ ਵਰ੍ਹਦਿਆਂ ਸਾਬਕਾ ਫੌਜੀਆਂ ਨੇ ਕਿਹਾ ਕਿ ਕੇਂਦਰ ਨੇ ਨਾ ਸਿਰਫ਼ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨੂੰ ਪਿੱਛੇ ਧੱਕ ਦਿੱਤਾ ਹੈ, ਸਗੋਂ ਫੌਜ ਦੇ ਰੈਂਕਾਂ ਨੂੰ ਘੱਟ ਕਰਦਿਆਂ ਉਨ੍ਹਾਂ ਦੀ ਸੀਨੀਆਰਤਾ ਨੂੰ ਘਟਾ ਕੇ ਧੋਖਾ ਕੀਤਾ ਹੈ। ਸ੍ਰੀ ਸਤਬੀਰ ਸਿੰਘ ਨੇ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਸਾਬਕਾ ਫੌਜੀਆਂ ਦਾ ਅਪਮਾਨ ਕੀਤਾ ਗਿਆ ਹੈ, ਜਿਨ੍ਹਾਂ ਆਈਬੀ ਜਾਂਚ ਦਾ ਆਦੇਸ਼ ਦੇ ਕੇ ਅਸਲੀਅਤ ਵਿੱਚ ਇਕ ਸਿਪਾਹੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਪਰੀਕਰ ਦੀਆਂ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ‘ਤੇ ਸਖ਼ਤ ਨੋਟਿਸ ਲਿਆ।
ਮੇਜਰ ਜਨਰਲ ਸਤਬੀਰ ਨੇ ਕਿਹਾ ਕਿ ਪੰਜਾਬ ਵਿੱਚ ਸਾਬਕਾ ਫੌਜੀਆਂ ਲਈ 53 ਸਕੀਮਾਂ ਹੋਣ ਦੇ ਬਾਵਜੂਦ ਕੋਈ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਪਹਿਲ ਦੇ ਆਧਾਰ ‘ਤੇ ਚੁੱਕਣ ਦਾ ਵਾਅਦਾ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਨੇ ‘ਇਕ ਰੈਂਕ ਇਕ ਪੈਨਸ਼ਨ’ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਪੈਸੇ ਦਾ ਨਹੀਂ, ਸਗੋਂ ਉਨ੍ਹਾਂ ਦੇ ਸਨਮਾਨ ਦਾ ਸਵਾਲ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਮੋਦੀ ਨੇ ਇਕ ਰੈਂਕ ਇਕ ਪੈਨਸ਼ਨ ਮੁੱਦੇ ਨੂੰ ਮੋੜ ਦਿੱਤਾ ਹੈ। ਉਹ ਮੋਦੀ ਸਰਕਾਰ ਉਪਰ ਸੱਤਵੇਂ ਤਨਖ਼ਾਹ ਕਮਿਸ਼ਨ ਰਾਹੀਂ ਸੇਵਾਵਾਂ ਵਿੱਚ ਅਸਮਾਨਤਾ ਪੈਦਾ ਕਰਨ ਨੂੰ ਲੈ ਕੇ ਵੀ ਵਰ੍ਹੇ। ਏਆਈਸੀਸੀ ਆਗੂ ਰਣਦੀਪ ਸੁਰਜੇਵਾਲਾ ਨੇ ਮੋਦੀ ਉਪਰ ਇਕ ਰੈਂਕ ਇਕ ਪੈਨਸ਼ਨ ‘ਤੇ ਪਿੱਛੇ ਹਟ ਕੇ ਸਾਬਕਾ ਫੌਜੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਦੋਸ਼ ਲਾਇਆ,
ਕਸ਼ਮੀਰ ਤੇ ਦੇਸ਼ ਦੇ ਹੋਰ ਹਿੱਸਿਆਂ ‘ਤੇ ਮਾਰੇ ਜਾਣ ਵਾਲੇ ਫੌਜੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।